ਲੰਡਨ (ਰਾਇਟਰ) : ਬ੍ਰੈਗਜ਼ਿਟ ਨੂੰ ਲੈ ਕੇ ਸੰਸਦ ਤੋਂ ਲਗਾਤਾਰ ਲੱਗੇ ਝਟਕਿਆਂ ਤੇ ਸੰਸਦ ਮੁਅੱਤਲ ਕਰਨ ਦੇ ਫ਼ੈਸਲੇ 'ਤੇ ਹਾਈ ਕੋਰਟ ਦੀ ਸਖ਼ਤ ਟਿੱਪਣੀ ਦੇ ਬਾਵਜੂਦ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਅਸਤੀਫ਼ਾ ਦੇਣ ਦਾ ਕੋਈ ਇਰਾਦਾ ਨਹੀਂ ਹੈ। ਸਕਾਟਲੈਂਡ ਦੌਰੇ 'ਤੇ ਗਏ ਪ੍ਰਧਾਨ ਮੰਤਰੀ ਨੇ ਕਿਹਾ, ਉਹ ਬਰੱਸਲਜ਼ ਜਾਣਗੇ ਤੇ ਯੂਰਪੀ ਯੂਨੀਅਨ ਦੇ ਆਗੂਆਂ ਨਾਲ ਮਿਲ ਕੇ 31 ਅਕਤੂਬਰ ਨੂੰ ਬ੍ਰੈਗਜ਼ਿਟ ਪ੍ਰਕਿਰਿਆ ਪੂਰੀ ਕਰਨ 'ਤੇ ਗੱਲ ਕਰਨਗੇ।

ਹਾਊਸ ਆਫ ਕਾਮਨਜ਼ ਨੇ ਬਿਨਾਂ ਸ਼ਰਤ ਯੂਰਪੀ ਯੂਨੀਅਨ ਤੋਂ ਵਖਰੇਵੇਂ 'ਤੇ ਰੋਕ ਦਾ ਮਤਾ ਪਾਸ ਕਰ ਦਿੱਤਾ ਹੈ। ਪਰ ਪ੍ਰਧਾਨ ਮੰਤਰੀ ਜੌਨਸਨ ਨੇ ਹਾਰ ਨਹੀਂ ਮੰਨੀ ਹੈ। ਉਨ੍ਹਾਂ ਵੀਰਵਾਰ ਨੂੰ ਹੀ ਸਾਫ਼ ਕਰ ਦਿੱਤਾ ਸੀ ਕਿ ਉਹ 31 ਅਕਤੂਬਰ ਨੂੰ ਹੀ ਬ੍ਰੈਗਜ਼ਿਟ ਦੀ ਰਾਹ 'ਤੇ ਅੱਗੇ ਵਧਣਗੇ। ਜਦੋਂ ਉਨ੍ਹਾਂ ਤੋਂ ਪੁੱਿਛਆ ਗਿਆ ਕਿ 31 ਅਕਤੂਬਰ ਨੂੰ ਬ੍ਰੈਗਜ਼ਿਟ ਪ੍ਰਕਿਰਿਆ ਪੂਰੀ ਨਾ ਹੋ ਸਕਣ 'ਤੇ ਕੀ ਉਹ ਅਸਤੀਫ਼ਾ ਦੇਣਗੇ। ਜੌਨਸਨ ਨੇ ਕਿਹਾ ਕਿ ਕਾਲਪਨਿਕ ਸਵਾਲ ਹੈ, ਉਨ੍ਹਾਂ ਨੇ ਅਸਤੀਫ਼ਾ ਦੇਣ ਬਾਰੇ ਨਹੀਂ ਸੋਚਿਆ ਹੈ।

ਸੰਸਦ ਦੀ ਮੁਅੱਤਲੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ

ਸੰਸਦ ਨੂੰ ਮੁਅੱਤਲ ਕਰਨ ਦੇ ਪ੍ਰਧਾਨ ਮੰਤਰੀ ਦੇ ਫ਼ੈਸਲੇ 'ਤੇ ਵੀਰਵਾਰ ਨੂੰ ਸਖ਼ਤ ਟਿੱਪਣੀ ਕਰਨ ਵਾਲੇ ਲੰਡਨ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਸੰਸਦ ਦੀ ਮੁਅੱਤਲੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ। ਪਟੀਸ਼ਨ ਨੂੰ ਇੰਗਲੈਂਡ ਤੇ ਵੇਲਸ ਦੇ ਸਭ ਤੋਂ ਸੀਨੀਅਰ ਜੱਜ ਇਆਨ ਬਰਨੇਟ ਨੇ ਸੁਣਨ ਤੋਂ ਬਾਅਦ ਖਾਰਜ ਕੀਤਾ। ਪਟੀਸ਼ਨ ਨੂੰ ਸਾਬਕਾ ਪ੍ਰਧਾਨ ਮੰਤਰੀ ਜੌਨ ਮੇਜਰ ਦੀ ਵੀ ਹਮਾਇਤ ਪ੍ਰਰਾਪਤ ਸੀ। ਹਾਈ ਕੋਰਟ ਨੇ ਮਾਮਲੇ ਦੀ ਸੁਪਰੀਮ ਕੋਰਟ 'ਚ ਅਪੀਲ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਦੇ ਫ਼ੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਭਾਰਤੀ ਮੂਲ ਦੀ ਜੀਨਾ ਮਿਲਰ ਨੇ ਦਾਖ਼ਲ ਕੀਤੀ ਸੀ।