ਲੰਡਨ (ਏਐੱਫਪੀ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਵਿਰੋਧੀਆਂ ਨੂੰ ਸ਼ੁੱਕਰਵਾਰ ਨੂੰ ਕਰਾਰਾ ਝਟਕਾ ਲੱਗਾ। ਬ੍ਰੈਗਜ਼ਿਟ ਦੀ ਤੈਅ ਤਰੀਕ 31 ਅਕਤੂਬਰ ਤੋਂ ਪਹਿਲਾਂ ਕੁਝ ਹਫ਼ਤੇ ਤਕ ਪ੍ਰਧਾਨ ਮੰਤਰੀ ਸੰਸਦ ਦੀ ਕਾਰਵਾਈ ਮੁਅੱਤਲ ਰੱਖਣ 'ਚ ਜੁਟੇ ਹਨ। 75 ਬ੍ਰੈਗਜ਼ਿਟ ਵਿਰੋਧੀ ਸੰਸਦ ਮੈਂਬਰਾਂ ਨੇ ਅਦਾਲਤ ਤੋਂ ਅੰਤਿ੍ਮ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਸਕਾਟਿਸ਼ ਜੱਜ ਰਾਇਮੰਡ ਦੋਹੇਤਰੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਸੰਤੁਸ਼ਟ ਨਹੀਂ ਹਨ ਕਿ ਇਸ ਸਥਿਤੀ 'ਚ ਅੰਤਿ੍ਮ ਰੋਕ ਲਗਾਏ ਜਾਣ ਦੀ ਲੋੜ ਹੈ। ਪਰ ਹੁਣ ਪੂਰਨ ਸੁਣਵਾਈ ਛੇ ਸਤੰਬਰ ਦੀ ਜਗ੍ਹਾ ਤਿੰਨ ਸਤੰਬਰ ਨੂੰ ਹੋਵੇਗੀ। ਜੱਜ ਨੇ ਕਿਹਾ ਕਿ ਮਾਮਲੇ 'ਤੇ ਛੇਤੀ ਸੁਣਵਾਈ ਨਿਆਂ ਤੇ ਜਨਤਕ ਹਿੱਤ 'ਚ ਹੈ।

ਮਹਾਰਾਣੀ ਐਲੀਜ਼ਾਬੈੱਥ-2 ਸਤੰਬਰ ਮੱਧ ਤੇ 14 ਅਕਤੂਬਰ ਦਰਮਿਆਨ ਸੰਸਦ ਮੁਅੱਤਲ ਰੱਖਣ ਲਈ ਹਰੀ ਝੰਡੀ ਦੇ ਚੁੱਕੇ ਹਨ। ਇਸ ਨੂੰ ਸੰਸਦ ਮੈਂਬਰਾਂ ਨੂੰ ਜੌਨਸਨ ਖ਼ਿਲਾਫ਼ ਕਦਮ ਚੁੱਕਣ ਦਾ ਮੌਕਾ ਨਾ ਦੇਣ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਬਰਤਾਨੀਆ ਸਮਝੌਤੇ ਨਾਲ ਜਾਂ ਉਸ ਤੋਂ ਬਗੈਰ ਯੂਰਪੀ ਸੰਘ (ਈਯੂ) ਤੋਂ ਬਾਹਰ ਆ ਜਾਵੇਗਾ।

ਸੰਸਦ ਦੀ ਮੁਅੱਤਲੀ ਰੋਕਣ ਲਈ ਬੈਲਫਾਸਟ ਤੇ ਲੰਡਨ 'ਚ ਵੀ ਕਾਨੂੰਨੀ ਯਤਨ ਕੀਤੇ ਗਏ ਹਨ। ਈਯੂ ਮੈਂਬਰੀ ਦੇ ਮਜ਼ਬੂਤ ਸਮਰਥਕ ਸਾਬਕਾ ਪ੍ਰਧਾਨ ਮੰਤਰੀ ਜੌਨ ਮੇਜਰ ਨੇ ਕਿਹਾ ਹੈ ਕਿ ਉਹ ਲੰਡਨ ਕਾਨੂੰਨੀ ਕਾਰਵਾਈ 'ਚ ਸ਼ਾਮਲ ਹੋਣਾ ਚਾਹੁਣਗੇ।