ਲੰਡਨ (ਏਐੱਫਪੀ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਵਿਰੋਧੀਆਂ ਨੇ ਕਾਨੂੰਨ ਦਾ ਸਹਾਰਾ ਲੈਂਦੇ ਸ਼ੁੱਕਰਵਾਰ ਨੂੰ ਕਰਾਰਾ ਝਟਕਾ ਦਿੱਤਾ। ਬ੍ਰੈਗਜ਼ਿਟ ਦੀ ਤੈਅ ਤਰੀਕ 31 ਅਕਤੂਬਰ ਤੋਂ ਪਹਿਲਾਂ ਕੁਝ ਹਫ਼ਤੇ ਤਕ ਪ੍ਰਧਾਨ ਮੰਤਰੀ ਸੰਸਦ ਦੀ ਕਾਰਵਾਈ ਮੁਅੱਤਲ ਰੱਖਣ 'ਚ ਲੱਗੇ ਸਨ।

ਸਕਾਟਿਸ਼ ਜੱਜ ਰਾਇਮੰਡ ਦੋਹੇਤਰੀ ਨੇ ਛੇ ਸਤੰਬਰ ਨੂੰ ਹੋਣ ਵਾਲੀ ਪੂਰਨ ਸੁਣਵਾਈ ਲਈ ਆਰਜੀ ਆਦੇਸ਼ ਦੀ ਬੇਨਤੀ ਠੁਕਰਾ ਦਿੱਤੀ। ਜੱਜ ਨੇ ਆਪਣੇ ਆਦੇਸ਼ 'ਚ ਕਿਹਾ ਹੈ, 'ਮੈਂ ਇਸ ਗੱਲ ਨਾਲ ਸੰਤੁਸ਼ਟ ਨਹੀਂ ਹਾਂ ਕਿ ਇਸ ਪੱਧਰ 'ਤੇ ਅੰਤਿ੍ਮ ਮੁਅੱਤਲੀ ਜਾਂ ਅੰਤਿ੍ਮ ਰੋਕ ਦੀ ਜ਼ਰੂਰਤ ਹੈ।'

ਮਹਾਰਾਣੀ ਐਲੀਜ਼ਾਬੈੱਥ-2 ਸਤੰਬਰ ਦੇ ਮੱਧ ਤੇ 14 ਅਕਤੂਬਰ ਦਰਮਿਆਨ ਸੰਸਦ ਮੁਲਤਵੀ ਰੱਖਣ ਲਈ ਹਰੀ ਝੰਡੀ ਦੇ ਚੁੱਕੇ ਹਨ। ਇਸ ਨੂੰ ਸੰਸਦ ਮੈਂਬਰਾਂ ਨੂੰ ਜੌਨਸਨ ਖ਼ਿਲਾਫ਼ ਕਦਮ ਚੁੱਕਣ ਦਾ ਮੌਕਾ ਨਾ ਦੇਣ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਬਰਤਾਨੀਆ ਸਮਝੌਤੇ ਨਾਲ ਜਾਂ ਉਸ ਤੋਂ ਬਗ਼ੈਰ ਯੂਰਪੀ ਸੰਘ (ਈਯੂ) ਤੋਂ ਬਾਹਰ ਆਵੇਗਾ।

ਸੰਸਦ ਦੀ ਮੁਅੱਤਲੀ ਰੋਕਣ ਲਈ ਬੈਲਫਾਸਟ ਤੇ ਲੰਡਨ 'ਚ ਵੀ ਕਾਨੂੰਨੀ ਯਤਨ ਕੀਤੇ ਗਏ ਹਨ। ਈਯੂ ਮੈਂਬਰਸ਼ਿਰ ਦੇ ਕੱਟੜ ਸਮਰਥਕ ਸਾਬਕਾ ਪ੍ਰਧਾਨ ਮੰਤਰੀ ਜੌਨ ਮੇਜਰ ਨੇ ਕਿਹਾ ਹੈ ਕਿ ਉਹ ਲੰਡਨ ਦੀ ਕਾਨੂੰਨੀ ਲੜਾਈ 'ਚ ਸ਼ਾਮਲ ਹੋਣਾ ਚਾਹੁਣਗੇ।

ਜੌਨਸਨ ਨੇ ਬੁੱਧਵਾਰ ਨੂੰ ਹੈਰਾਨੀਜਨਕ ਫ਼ੈਸਲੇ ਦਾ ਐਲਾਨ ਕੀਤਾ ਸੀ। ਅਗਲੇ ਮਹੀਨੇ ਕਰੀਬ ਪੰਜ ਹਫ਼ਤੇ ਲਈ ਸੰਸਦ ਨੂੰ ਮੁਲਤਵੀ ਰੱਖਣ ਦੇ ਫ਼ੈਸਲੇ ਦੇ ਐਲਾਨ ਨਾਲ ਬਰਤਾਨੀਆ ਦੇ ਸਿਆਸੀ ਗਲਿਆਰੇ 'ਚ ਹੈਰਾਨੀ ਪੈਦਾ ਹੋ ਗਈ। ਯੂਰਪ ਦੇ ਸਮਰਥਕਾਂ ਤੇ ਨੋ-ਡੀਲ ਐਗਜ਼ਿਟ ਵਿਰੋਧੀ ਸੰਸਦ ਮੈਂਬਰਾਂ ਵੱਲੋਂ ਇਸ ਦਾ ਤਿੱਖਾ ਵਿਰੋਧ ਸ਼ੁਰੂ ਹੋ ਗਿਆ। ਪ੍ਰਧਾਨ ਮੰਤਰੀ ਦੇ ਵਿਰੋਧੀਆਂ ਨੇ ਉਨ੍ਹਾਂ ਦੇ ਯਤਨ ਨੂੰ 'ਚਲਾਕੀ' ਤੇ 'ਸੰਸਦੀ ਅਵਿਵਸਥਾ' ਕਰਾਰ ਦਿੱਤਾ।

ਸ਼ਨਿਚਰਵਾਰ ਨੂੰ ਹੋਣਗੇ ਮੁਜ਼ਾਹਰੇ

ਲੇਬਰ ਪਾਰਟੀ ਦੇ ਮੁੱਖ ਕਾਨੂੰਨੀ ਸਲਾਹਕਾਰ ਸ਼ਾਮੀ ਚੱਕਰਵਰਤੀ ਨੇ ਚਿਤਾਵਨੀ ਦਿੱਤੀ, 'ਗ਼ੈਰ ਲੋਕਤੰਤਰੀ ਵਿਵਹਾਰ ਰੋਕਣ ਲਈ ਅਸੀਂ ਕੋਈ ਵੀ ਤਰੀਕਾ ਇਸਤੇਮਾਲ ਕਰਾਂਗੇ। ਇਸ 'ਚ ਲੋਕਾਂ ਨੂੰ ਸੜਕਾਂ 'ਤੇ ਉਤਾਰਣਾ ਵੀ ਸ਼ਾਮਲ ਹੋ ਸਕਦਾ ਹੈ।' ਸ਼ਨਿਚਰਵਾਰ ਨੂੰ ਕਈ ਸ਼ਹਿਰਾਂ 'ਚ ਪ੍ਰਦਰਸ਼ਨ ਹੋ ਸਕਦੇ ਹਨ। ਕੁਝ ਸੰਗਠਨਾਂ ਨੇ ਸੜਕਾਂ ਤੇ ਬਿ੍ਜ 'ਤੇ ਕਬਜ਼ਾ ਕਰਨ ਦਾ ਸੱਦਾ ਦਿੱਤਾ ਹੈ।

ਬਰਤਾਨੀਆ, ਈਯੂ ਦੀ ਬ੍ਰੈਗਜ਼ਿਟ ਟੀਮ ਹਫ਼ਤੇ 'ਚ ਦੋ ਵਾਰ ਕਰੇਗੀ ਬੈਠਕ

ਬਰਤਾਨੀਆ ਦੇ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਕਿਹਾ ਕਿ ਬਰਤਾਨੀਆ ਨਾਲ ਬ੍ਰੈਗਜ਼ਿਟ ਵਿਚੋਲਗੀ ਨਵਾਂ ਸਮਝੌਤਾ ਤਿਆਰ ਕਰਨ ਲਈ ਆਪਣੇ ਈਯੂ ਹਮਰੁਤਬਿਆਂ ਨਾਲ ਪੂਰੇ ਸਤੰਬਰ 'ਚ ਹਫ਼ਤੇ 'ਚ ਦੋ ਵਾਰ ਬੈਠਕ ਕਰਨਗੇ। ਜੌਨਸਨ ਨੇ ਕਿਹਾ ਹੈ ਕਿ ਉਹ ਨਵਾਂ ਬ੍ਰੈਗਜ਼ਿਟ ਡੀਲ ਤਿਆਰ ਕਰਨ ਲਈ ਈਯੂ ਨਾਲ ਗੱਲਬਾਤ ਦੀ ਗਤੀ ਵਧਾਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਆਇਰਿਸ਼ ਬਾਰਡਰ ਨਾਲ ਸਬੰਧਤ ਬੈਕਸਟਾਪ ਨੂੰ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੁੰਦੇ ਹਨ।

ਬਰਤਾਨੀਆ ਕੋਲ ਬੈਕਸਟਾਪ ਦੀ ਜਗ੍ਹਾ ਭਰੋਸੇ ਲਾਇਕ ਕੁਝ ਵੀ ਨਹੀਂ : ਆਇਰਲੈਂਡ

ਆਇਰਲੈਂਡ ਦੇ ਵਿਦੇਸ਼ ਮੰਤਰੀ ਸਿਮੋਨ ਕੋਵੇਨ ਨੇ ਹੇਲਸਿੰਕੀ 'ਚ ਕਿਹਾ ਕਿ ਬਰਤਾਨੀਆ ਬੈਕਸਟਾਪ ਦੀ ਜਗ੍ਹਾ ਕੁਝ ਵੀ ਭਰੋਸੇ ਲਾਇਕ ਸਾਹਮਣੇ ਨਹੀਂ ਲਿਆ ਸਕਿਆ ਹੈ। ਰਾਬ ਨਾਲ ਸਮਿਟ 'ਚ ਮੁਲਾਕਾਤ ਤੋਂ ਬਾਅਦ ਜਰਮਨੀ ਦੇ ਵਿਦੇਸ਼ ਮੰਤਰੀ ਹੇਇਕੋ ਮਾਸ ਨੇ ਕਿਹਾ ਕਿ ਜਿੰਨੀ ਛੇਤੀ ਹੋ ਸਕੇ ਮਤਾ ਪੇਸ਼ ਕਰਨਾ ਜ਼ਰੂਰੀ ਹੈ। ਈਯੂ ਦੇ ਵੱਡੇ ਖਿਡਾਰੀਆਂ ਨੂੰ ਚਿੰਤਾ ਹੈ ਕਿ ਬਰਤਾਨੀਆ ਬੈਕਸਟਾਪ ਦਾ ਕੋਈ ਅਸਲ ਬਦਲ ਲੈ ਕੇ ਸਮੇਂ 'ਤੇ ਸਾਹਮਣੇ ਨਹੀਂ ਆ ਸਕੇਗਾ।

ਬਰਤਾਨੀਆ ਦਾ ਦਾਅਵਾ, ਬੈਕਸਟਾਪ ਦਾ ਬਦਲ ਤਿਆਰ ਕਰ ਲਿਆ

ਬਰਤਾਨੀਆ ਨੇ ਕਿਹਾ ਹੈ ਕਿ ਉਸ ਨੇ ਆਇਰਿਸ਼ ਬਾਰਡਰ ਬੈਕਸਟਾਪ ਦੀ ਜਗ੍ਹਾ ਬਦਲਵਾਂ ਮਤਾ ਤਿਆਰ ਕਰ ਲਿਆ ਹੈ। ਟਰਾਂਸਪੋਰਟ ਮੰਤਰੀ ਗ੍ਰਾਂਟ ਸ਼ੈਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਇਰਲੈਂਡ ਤੇ ਈਯੂ ਨਾਲ ਹੋਰਨਾਂ ਦੇਸ਼ਾਂ ਦਾ ਇਹ ਕਹਿਣਾ ਗ਼ਲਤ ਹੈ ਕਿ ਲੰਡਨ ਕੋਲ ਇਸ ਦਾ ਕੋਈ ਬਦਲ ਨਹੀਂ ਹੈ।