ਆਨਲਾਈਨ ਡੈਸਕ, ਲੰਡਨ : ਕਲਮ ਐਂਡ ਆਰਟ ਸੁਸਾਇਟੀ, ਯੂ.ਕੇ. ਵੱਲੋਂ ਪ੍ਰਸਿੱਧ ਪੰਜਾਬੀ ਪੱਤਰਕਾਰ ਅਤੇ ਲੇਖਕ ਜੋ ਇਹਨਾਂ ਦਿਨਾਂ ਵਿੱਚ ਯੂ. ਕੇ. ਹਨ, ਨਾਲ ਮਿਲ ਬੈਠਣ ਵਾਸਤੇ ਹੇਜ਼ ਵਿਖੇ ‘ਰੂਬਰੂ‘ ਦਾ ਪ੍ਰਬੰਧ ਕੀਤਾ।

ਇਸ ਸਭਾ ਦੀ ਸੰਚਾਲਕ ਡਾ. ਅਮਰ ਜਿਉਤੀ ਨੇ ਸੁਕੀਰਤ ਦੀਆਂ ਸਾਹਿਤਕ ਅਤੇ ਪੱਤਰਕਾਰਤਾ ਖੇਤਰ ਵਿਚ ਪ੍ਰਾਪਤੀਆਂ ਬਾਰੇ ਵਾਕਫੀਅਤ ਕਰਵਾਈ ਅਤੇ ਉਹਨਾਂ ਦੇ ਗੌਰਵਮਈ ਪੰਜਾਬੀ ਸਾਹਿਤਕ ਘਰਾਣੇ ਗੁਰਬਖ਼ਸ਼ ਸਿੰਘ ਪ੍ਰੀਤਲੜੀ (ਨਾਨਾ ਜੀ), ਪਿਤਾ-ਜਗਜੀਤ ਸਿੰਘ ਅਨੰਦ ਤੇ ਮਾਤਾ ਜੀ ਉਰਮਲਾ ਅਨੰਦ ਬਾਰੇ ਦੱਸਿਆ।

ਇਸ ਤੋਂ ਬਾਅਦ ਸੁਕੀਰਤ ਨੇ ਆਪਣੀਆਂ ਰਚਨਾਵਾਂ ਅਤੇ ਪੱਤਰਕਾਰੀ ਖੇਤਰ ਦੀਆਂ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ। ਇਸ ਉਪਰੰਤ ਹਾਜ਼ਰ ਲੇਖਕਾਂ, ਪਾਠਕਾਂ ਵੱਲੋਂ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਸੁਕੀਰਤ ਨੇ ਵਿਸਥਾਰ ਸਹਿਤ ਉੱਤਰ ਦਿੰਦਿਆਂ ਆਪਣੀਆਂ ਕਹਾਣੀਆਂ ਦੇ ਵਿਸ਼ਿਆਂ ਅਤੇ ਉਹਨਾਂ ਦੇ ਨਿਭਾਅ ਬਾਰੇ ਦੱਸਿਆ ।

ਇਸ ਮੌਕੇ ਕੁਲਦੀਪ ਕਿੱਟੀ ਬੱਲ ਦੀਆਂ ਨਵ-ਪ੍ਰਕਾਸ਼ਿਤ ਪੁਸਤਕਾਂ, ਬੰਦ ਬੂਹੇ, ਤੇਜ਼ ਚੱਲਣ ਹਨੇਰੀਆਂ ਲੋਕ ਅਰਪਣ ਕੀਤੀਆਂ ਗਈਆਂ।

ਇਸ ਪਿੱਛੋਂ ਹਾਜ਼ਰ ਕਵੀਆਂ ਨੇ ਕਵਿਤਾਵਾਂ ਪੜ੍ਹੀਆਂ। ਕਵੀਆਂ ਵਿਚ ਦਲਵਿੰਦਰ ਬੁੱਟਰ, ਭਿੰਦਰ ਜਲਾਲਾਬਾਦੀ, ਕੁਲਦੀਪ ਕਿੱਟੀ ਬੱਲ, ਡਾ. ਅਮਰ ਜਿਉਤੀ, ਸ਼ਿਵਦੀਪ ਢੇਸੀ ਸ਼ਾਮਲ ਹੋਏ। ਅੱਜ ਦੇ ਸਮਾਗਮ ਦੇ ਪ੍ਰਧਾਨ ਨਾਵਲਕਾਰ ਅਤੇ ਲੇਖਕ ਗੁਰਨਾਮ ਗਰੇਵਾਲ਼ ਨੇ ਪ੍ਰੋਗਰਾਮ ਬਾਰੇ ਸੰਖੇਪ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ। ਆਖਿਰ ਵਿੱਚ ਕੁਲਦੀਪ ਕਿੱਟੀ ਬੱਲ ਨੇ ਅੱਜ ਦੇ ਵਿਸ਼ੇਸ਼ ਮਹਿਮਾਨ ਸੁਕੀਰਤ ਅਤੇ ਆਏ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ ।

Posted By: Tejinder Thind