ਬੇਰੂਤ (ਰਾਇਟਰ) : ਇਜ਼ਰਾਈਲ ਨੇ ਲਿਬਨਾਨ ਸਥਿਤ ਫਲਸਤੀਨੀ ਸਮੂਹ ਦੇ ਇਕ ਫ਼ੌਜੀ ਟਿਕਾਣੇ 'ਤੇ ਕਈ ਹਵਾਈ ਹਮਲੇ ਕੀਤੇ। ਲਿਬਨਾਨ ਦੇ ਸੁਰੱਖਿਆ ਸੂਤਰਾਂ ਤੇ ਅਖ਼ਬਾਰਾਂ ਮੁਤਾਬਕ, ਸੀਰੀਆਈ ਸਰਹੱਦ ਨਾਲ ਲੱਗੇ ਇਲਾਕੇ 'ਚ ਹੋਏ ਹਮਲੇ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਫ਼ੌਜੀ ਟਿਕਾਣੇ ਪਾਪੁਲਰ ਫਰੰਟ ਦ ਲਿਬਰੇਸ਼ਨ ਆਫ ਫਲਸਤੀਨ-ਜਨਰਲ ਕਮਾਨ ਦੇ ਦੱਸੇ ਜਾ ਰਹੇ ਹਨ।

ਇਨ੍ਹਾਂ ਹਮਲਿਆਂ ਤੋਂ ਇਕ ਦਿਨ ਪਹਿਲਾਂ ਹੀ ਹਿਜਬੁੱਲਾ ਦੀ ਖ਼ੁਦਮੁਖ਼ਤਾਰੀ ਵਾਲੇ ਬੇਰੂਤ ਦੇ ਦੱਖਣੀ ਇਲਾਕੇ 'ਚ ਦੋ ਡਰੋਨ ਹਾਦਸੇ ਦੇ ਸ਼ਿਕਾਰ ਹੋ ਗਏ ਸਨ। ਇਨ੍ਹਾਂ 'ਚੋਂ ਇਕ 'ਚ ਧਮਾਕਾ ਵੀ ਹੋਇਆ ਸੀ। ਈਰਾਨ ਸਮਰਥਿਤ ਹਿਜਬੁੱਲਾ ਤੇ ਲਿਬਨਾਨ ਫ਼ੌਜ ਮੁਤਾਬਕ, ਇਹ ਡਰੋਨ ਇਜ਼ਰਾਈਲ ਦੇ ਸਨ। ਕੁਸਾਇਆ ਸ਼ਹਿਰ 'ਚ ਮੌਜੂਦ ਫਲਸਤੀਨੀ ਫ਼ੌਜੀ ਟਿਕਾਣਿਆਂ ਦੇ ਅਧਿਕਾਰੀ ਅਬੁ ਮੁਹੰਮਦ ਮੁਤਾਬਕ, ਇਜ਼ਰਾਈਲ ਨੇ ਤਿੰਨ ਹਵਾਈ ਹਮਲੇ ਕੀਤੇ ਸਨ। ਉਨ੍ਹਾਂ ਕਿਹਾ, 'ਐੱਮਕੇ ਡਰੋਨ ਨਾਲ ਸਾਡੇ ਟਿਕਾਣਿਆਂ 'ਤੇ ਤਿੰਨ ਛੋਟੇ ਰਾਕਟ ਦਾਗੇ ਗਏ। ਇਨ੍ਹਾਂ ਹਮਲਿਆਂ 'ਚ ਕਿਸੇ ਦੀ ਜਾਨ ਨਹੀਂ ਗਈ ਹੈ ਸਿਰਫ਼ ਆਰਥਿਕ ਨੁਕਸਾਨ ਹੋਇਆ ਹੈ।' ਉਧਰ, ਇਜ਼ਰਾਈਲ ਨੇ ਹਮਲਿਆਂ 'ਤੇ ਕੋਈ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਇਜ਼ਰਾਈਲੀ ਫ਼ੌਜ ਦੇ ਤਰਜਮਾਨ ਨੇ ਕਿਹਾ, 'ਅਸੀਂ ਵਿਦੇਸ਼ੀ ਰਿਪੋਰਟ 'ਤੇ ਕੋਈ ਬਿਆਨ ਨਹੀਂ ਦਿੰਦੇ।'