ਲੰਡਨ (ਪੀਟੀਆਈ) : ਅੱਤਵਾਦੀ ਜਮਾਤ ਇਸਲਾਮਿਕ ਸਟੇਟ (ਆਈਐੱਸ) ਨੇ ਲੰਡਨ ਵਿਚ ਬੀਤੇ ਸ਼ੁੱਕਰਵਾਰ ਨੂੰ ਹੋਈ ਚਾਕੂਬਾਜ਼ੀ ਦੀ ਘਟਨਾ ਦੀ ਜ਼ਿੰਮੇਵਾਰੀ ਲਈ ਹੈ। ਇਸ ਹਮਲੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਨੇ ਹਾਲਾਂਕਿ ਬਾਅਦ ਵਿਚ ਹਮਲਾਵਰ ਨੂੰ ਢੇਰ ਕਰ ਦਿੱਤਾ ਸੀ।

ਆਈਐੱਸ ਨੇ ਆਪਣੇ ਖ਼ਿਲਾਫ਼ ਕਈ ਦੇਸ਼ਾਂ ਦੀ ਗੋਲਬੰਦੀ ਦਾ ਜ਼ਿਕਰ ਕਰਦੇ ਹੋਏ ਅਮਾਕ ਨਿਊਜ਼ ਏਜੰਸੀ 'ਤੇ ਕਿਹਾ ਕਿ ਲੰਡਨ ਵਿਚ ਹਮਲਾ ਕਰਨ ਵਾਲਾ ਵਿਅਕਤੀ ਆਈਐੱਸ ਦਾ ਲੜਾਕਾ ਸੀ ਅਤੇ ਉਸ ਨੇ ਗੱਠਜੋੜ ਦੇਸ਼ਾਂ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਅਜਿਹਾ ਕੀਤਾ। ਅੱਤਵਾਦੀ ਜਮਾਤ ਨੇ ਹਾਲਾਂਕਿ ਆਪਣੇ ਦਾਅਵੇ ਦੀ ਪੁਸ਼ਟੀ ਵਿਚ ਕਿਸੇ ਕਿਸਮ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ। ਸ਼ੁੱਕਰਵਾਰ ਨੂੰ ਮਸ਼ਹੂਰ ਲੰਡਨ ਬਿ੍ਜ ਕੋਲ ਇਸ ਹਮਲੇ ਨੂੰ ਅੰਜਾਮ ਦੇਣ ਵਾਲਾ ਉਸਮਾਨ ਖ਼ਾਨ 2012 ਵਿਚ ਵੀ ਅੱਤਵਾਦੀ ਸਰਗਰਮੀਆਂ ਵਿਚ ਸ਼ਾਮਲ ਹੋਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਉਸ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਸੀ। ਉਹ ਦਸੰਬਰ, 2018 ਵਿਚ ਪੈਰੋਲ 'ਤੇ ਰਿਹਾਅ ਹੋਇਆ ਸੀ ਅਤੇ ਇਲੈਕਟ੍ਰਾਨਿਕ ਟੈਗ ਰਾਹੀਂ ਉਸ ਦੀ ਮਾਨੀਟਰਿੰਗ ਕੀਤੀ ਜਾ ਰਹੀ ਸੀ।