ਲੰਡਨ (ਏਜੰਸੀ) : ਇੰਟਰਪੋਲ ਨੇ ਮਈ 2021 ਵਿਚ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨੂੰ ਅਗਵਾ ਤੇ ਟਾਰਚਰ ਕਰਨ ਦੇ ਦੋਸ਼ ਵਿਚ ਤਿੰਨ ਲੋਕਾਂ ਖ਼ਿਲਾਫ਼ ਤਿੰਨ ਰੈੱਡ ਕਾਰਨਰ ਨੋਟਿਸ ਜਾਰੀ ਕੀਤੇ ਹਨ। ਇਹ ਕਦਮ ਐਂਟੀਗੁਆ ਅਤੇ ਬਾਰਬੁਡਾ ਦੇ ਅਧਿਕਾਰੀਆਂ ਦੀ ਅਪੀਲ ਚੁੱਕੇ ਗਏ ਹਨ। ਟਾਪੂ ਰਾਸ਼ਟਰ ਦੀ ਪੁਲਿਸ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਐਂਟੀਗੁਆ ਅਤੇ ਬਾਰਬੁਡਾ ਦੇ ਇਕ ਮੈਜਿਸਟ੍ਰੇਟ ਕੋਨਲਿਫ ਕਲਾਰਕ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਇੰਟਰਪੋਲ ਨੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ। ਇੰਟਰਪੋਲ ਨੋਟਿਸ ਭਾਰਤੀ ਏਜੰਸੀਆਂ ਲਈ ਇਕ ਝਟਕਾ ਹੈ, ਜੋ ਚੋਕਸੀ ’ਤੇ ਪੀਐੱਨਬੀ ਨੂੰ 13 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਲਗਾਉਂਦੀਆਂ ਹਨ ਅਤੇ ਭਾਰਤ ਵਿਚ ਉਸ ਤੋਂ ਪੁੱਛਗਿੱਛ ਕਰਨਾ ਚਾਹੁੰਦੀਆਂ ਹਨ। ਚੋਕਸੀ ਇਸ ਦੋਸ਼ ਤੋਂ ਇਨਕਾਰ ਕਰਦੇ ਹੋਏ ਕਹਿੰਦਾ ਹੈ ਕਿ ਉਸ ਦੀਆਂ ਕੰਪਨੀਆਂ ਨੇ ਬੈਂਕ ਤੋਂ ਲਏ ਗਏ ਕਰਜ਼ ’ਤੇ ਕਦੀ ਡਿਫਾਲਟ ਨਹੀਂ ਕੀਤਾ। ਚੋਕਸੀ 2017 ਤੋਂ ਐਂਟੀਗੁਆ ਅਤੇ ਬਾਰਬੁਡਾ ਦਾ ਨਾਗਰਿਕ ਹੈ। ਉਨ੍ਹਆਂ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੀ ਅੱਖਾਂ ’ਤੇ ਪੱਟੀ ਬੰਨ੍ਹ ਕੇ ਜਬਰਨ ਐਂਟੀਗੁਆ ਤੋਂ ਵੈਸਟਇੰਡੀਜ਼ ਦੇ ਇਕ ਹੋਰ ਟਾਪੂ ਡੋਮਨਿਕਾ ਤਕ ਇਕ ਕਿਸ਼ਤੀ ’ਤੇ ਲਿਜਾਇਆ ਗਿਆ, ਜਿੱਥੇ ਉਸਨੂੰ ਕੁੱਟਿਆ ਗਿਆ। ਚੋਕਸੀ ਦੀ ਸ਼ਿਕਾਇਤ ਨੂੰ ਐਂਟੀਗੁਆ ਦੀ ਪੁਲਿਸ ਦੇ ਨਾਲ-ਨਾਲ ਡੋਮੀਨਿਕਾ ਦੀ ਇਕ ਅਦਾਲਤ ਨੇ ਜਾਂਚ ਵਿਚ ਸਹੀ ਪਾਇਆ ਹੈ। ਚੋਕਸੀ ਨੇ ਦੋਸ਼ ਲਗਾਇਆ ਸੀ ਕਿ ਉਸ ਨੂੰ ਐਂਟੀਗੁਆ ਵਿਚ ਹੰਗਰੀ ਦੀ ਇਕ ਔਰਤ ਦੇ ਫਲੈਟ ਵਿਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਬਿ੍ਰਟੇਨ ਦੇ ਦੋ ਭਾਰਤੀ ਮੂਲ ਦੇ ਪੁਰਸ਼ ਉਸ ਨੂੰ ਡੋਮੀਨਿਕਾ ਲੈ ਗਏ ਅਤੇ ਉਸ ਨੂੰ ਡੋਮੀਨਿਕਾ ਦੀ ਪੁਲਿਸ ਨੂੰ ਸੌਂਪ ਦਿੱਤਾ ਸੀ।

Posted By: Shubham Kumar