ਲੰਡਨ, ਏਜੰਸੀ : ਕੋਰੋਨਾ ਵਾਇਰਸ (ਕੋਵਿਡ-19) ਨਾਲ ਮੁਕਾਬਲੇ ਲਈ ਤਿਆਰ ਕੀਤੀ ਗਈ ਵੈਕਸੀਨ ਦੇ ਪ੍ਰਭਾਵ ਨੂੰ ਲੈ ਕੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਦਾ ਦਾਅਵਾ ਹੈ ਕਿ ਵੈਕਸੀਨ ਲਗਵਾਉਣ ਨਾਲ ਕੋਰੋਨਾ ਇਨਫੈਕਸ਼ਨ ਦੇ ਗੰਭੀਰ ਹੋਣ ਦਾ ਖ਼ਤਰਾ ਕਾਫੀ ਹੱਦ ਤਕ ਘੱਟ ਹੋ ਜਾਂਦਾ ਹੈ। ਅਧਿਐਨ ਅਨੁਸਾਰ ਵੈਕਸੀਨ ਦੀਆਂ ਇਕ ਜਾਂ ਦੋਵੇਂ ਡੋਜ਼ ਲਗਾਉਣ ਤੋਂ ਬਾਅਦ ਵੀ ਕੋਰੋਨਾ ਦੀ ਲਪੇਟ ’ਚ ਆਉਣ ਵਾਲੇ ਲੋਕਾਂ ’ਚ ਬਿਮਾਰੀ ਦੇ ਗੰਭੀਰ ਹੋਣ ਦਾ ਖ਼ਤਰਾ ਕਾਫੀ ਘੱਟ ਪਾਇਆ ਗਿਆ ਹੈ। ਟੀਕਾ ਨਾ ਲਗਵਾਉਣ ਵਾਲੇ ਲੋਕਾਂ ਦੇ ਮੁਕਾਬਲੇ ਅਜਿਹੇ ਪੀੜਤਾਂ ਨੂੰ ਹਸਪਤਾਲ ’ਚ ਭਰਤੀ ਕਰਨ ਦੀ ਜ਼ਰੂਰਤ ਵੀ ਘੱਟ ਪੈਂਦੀ ਹੈ।

ਵੱਡੇ ਪੈਮਾਨੇ ’ਤੇ ਕੀਤੇ ਗਏ ਇਸ ਅਧਿਐਨ ਦੇ ਨਤੀਜਿਆਂ ਨੂੰ Lancet Infectious Disease Magazine ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਸਿੱਟਾ ਯੂਕੇ ’ਚ ਵੈਕਸੀਨ ਦੀ ਇਕ ਜਾਂ ਦੋਵੇਂ ਡੋਜ਼ ਲਗਵਾਉਣ ਵਾਲੇ 12 ਲੱਖ ਤੋਂ ਜ਼ਿਆਦਾ ਲੋਕਾਂ ਦੇ ਡਾਟਾ ਦੇ ਵਿਸ਼ਲੇਸ਼ਣ ਦੇ ਆਧਾਰ ’ਤੇ ਕੱਢਿਆ ਗਿਆ ਹੈ। ਖੋਜ ਕਰਤਾਵਾਂ ਮੁਤਾਬਕ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਲੋਕਾਂ ’ਚ ਇਨਫੈਕਸ਼ਨ ਦੇ ਖ਼ਤਰਨਾਕ ਅਸਰ ਦੇ ਖ਼ਤਰੇ ਨੂੰ ਵੀ ਤਕਰੀਬਨ ਅੱਧਾ ਪਾਇਆ ਗਿਆ, ਜਿਸ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲਗੀਆਂ ਸੀ। ਉਨ੍ਹਾਂ ਨੇ ਦੱਸਿਆ ਕਿ ਵੈਕਸੀਨ ਦੀ ਪਹਿਲੀ ਡੋਜ਼ ਲਗਾਉਣ ਤੋਂ ਬਾਅਦ ਵੀ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕ ਤੇ ਖ਼ਰਾਬ ਸਿਹਤ ਵਾਲੇ ਬਜੁਰਗ ਕੋਰੋਨਾ ਦੇ ਲਿਹਾਜ ਤੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਮੋਟਾਪਾ, ਦਿਲ ਦੇ ਰੋਗ, ਕਿਡਨੀ ਰੋਗ ਤੇ ਫੇਫੜਿਆਂ ਦੀ ਬਿਮਾਰੀ ਨਾਲ ਜੂਝ ਰਹੇ ਲੋਕਾਂ ’ਚ ਵੀ ਖ਼ਤਰਾ ਬਣਿਆ ਰਹਿੰਦਾ ਹੈ।

Posted By: Rajnish Kaur