ਨਵੀਂ ਦਿੱਲੀ (ਏਜੰਸੀ) : ਖੁਰਾਕੀ ਉਤਪਾਦਾਂ ਦੀਆਂ ਕੀਮਤਾਂ ’ਚ ਭਾਰੀ ਵਾਧੇ ਕਾਰਨ ਬਰਤਾਨੀਆ ’ਚ ਖਪਤਕਾਰ ਮੁੱਲ ਮਹਿੰਗਾਈ 40 ਸਾਲ ਦੇ ਉੱਚ ਪੱਧਰ ’ਤੇ ਪਹੁੰਚ ਗਈ ਹੈ। ਰਾਸ਼ਟਰੀ ਸਟੈਟੇਸਟਿਕਸ ਦਫ਼ਤਰ ਦੇ ਅੰਕਡ਼ਿਆਂ ਮੁਤਾਬਕ, ਮਈ ’ਚ ਮਹਿੰਗਾਈ ਦਰ 9.1 ਫੀਸਦੀ ਰਹੀ ਹੈ ਜਿਹਡ਼ੀ ਮਾਰਚ 1982 ਦੇ ਬਾਅਦ ਸਭ ਤੋਂ ਜ਼ਿਆਦਾ ਹੈ। ਸੱਤ ਦੇਸ਼ਾਂ ਦੇ ਸਮੂਹ ਜੀ-7 ’ਚ ਇੱਥੇ ਸਭ ਤੋਂ ਜ਼ਿਆਦਾ ਮਹਿੰਗਾਈ ਦਰ ਹੈ।

ਬਰਤਾਨੀਆ ਦੀ ਮੁਦਰਾ ਪਾਊਂਡ ਸਟਰਲਿੰਗ ਦਾ ਇਸ ਸਾਲ ਡਾਲਰ ਦੇ ਮੁਕਾਬਲੇ ਸਭ ਤੋਂ ਖਰਾਬ ਪ੍ਰਦਰਸ਼ਨ ਰਿਹਾ ਹੈ। ਮਹਿੰਗਾਈ ਦੇ ਅੰਕਡ਼ੇ ਆਉਣ ਦੇ ਬਾਅਦ ਬੁੱਧਵਾਰ ਨੂੰ ਇਸ ਵਿਚ 1.22 ਡਾਲਰ ਦੀ ਗਿਰਾਵਟ ਦਰਜ ਕੀਤੀ ਗਈ ਹੈ। ਕੁਝ ਨਿਵੇਸ਼ਕਾਂ ਦਾ ਕਹਿਣਾ ਹੈ ਕਿ ਬਰਤਾਨੀਆ ਦੇ ਸਾਹਮਣੇ ਜ਼ਿਆਦਾ ਮਹਿੰਗਾਈ ਤੇ ਮੰਦੀ, ਦੋਵਾਂ ਦੀ ਚੁਣੌਤੀ ਹੈ। ਨਿਵੇਸ਼ਕਾਂ ਦਾ ਮੰਨਣਾ ਹੈ ਕਿ ਇਹ ਵੱਡੀ ਊਰਜਾ ਦਰਾਮਦ ਬਿੱਲ ਤੇ ਬ੍ਰੈਗਜ਼ਿਟ ਨਾਲ ਜੁਡ਼ੀਆਂ ਪਰੇਸ਼ਾਨੀਆਂ ਨੂੰ ਦਰਸਾਉਂਦਾ ਹੈ। ਇਸ ਨਾਲ ਯੂਰਪੀ ਯੂਨੀਅਨ ਨਾਲ ਕਾਰੋਬਾਰੀ ਸਮਝੌਤਿਆਂ ’ਤੇ ਵੀ ਅਸਰ ਪੈ ਸਕਦਾ ਹੈ।

ਥਿੰਕ ਟੈਂਕ ਰੈਜ਼ੋਲਿਊਸ਼ਨ ਫਾਊਂਡੇਸ਼ਨ ਦੇ ਸੀਨੀਅਰ ਅਰਥਸ਼ਾਸਤਰੀ ਜੈਕ ਲਿਜ਼ੇ ਦਾ ਕਹਿਣਾ ਹੈ ਕਿ ਆਰਥਿਕ ਆਊਟਲੁੱਕ ਸਾਫ਼ ਨਹੀਂ ਹੈ। ਕੋਈ ਨਹੀਂ ਜਾਣਦਾ ਕਿ ਜ਼ਿਆਦਾ ਮਹਿੰਗਾਈ ਕਿਵੇਂ ਖਤਮ ਹੋਵੇਗੀ ਤੇ ਕਿੰਨੇ ਲੰਬੇ ਸਮੇਂ ਤਕ ਬਣੀ ਰਹੇਗੀ? ਮੁਦਰਾ ਨੀਤੀ ’ਤੇ ਫੈਸਲਾ ਕਰਨਾ ਵੀ ਮੁਸ਼ਕਲ ਹੋਵੇਗਾ।

Posted By: Sandip Kaur