ਲੰਡਨ (ਪੀਟੀਆਈ) : ਵੀਜ਼ਾ ਲੈਣ ਦੀ ਪ੍ਰਕਿਰਿਆ 'ਚ ਹੋਣ ਵਾਲੀ ਅੰਗਰੇਜ਼ੀ ਦੀ ਪ੍ਰੀਖਿਆ 'ਚ ਨਕਲ ਕਰਨ ਦੇ ਦੋਸ਼ੀ ਸੈਂਕੜੇ ਵਿਦਿਆਰਥੀਆਂ ਨੇ ਬਿ੍ਟਿਸ਼ ਗ੍ਰਹਿ ਮੰਤਰੀ ਸਾਜਿਦ ਜਾਵੀਦ ਤੋਂ ਨਿਆਂ ਦੀ ਗੁਹਾਰ ਲਗਾਈ ਹੈ। ਕਿਹਾ ਹੈ, ਉਨ੍ਹਾਂ ਨੂੰ ਗ਼ਲਤ ਤਰੀਕੇ ਨਾਲ ਮਾਮਲੇ 'ਚ ਫਸਾਇਆ ਗਿਆ ਹੈ। ਇਸ ਨਾਲ ਉਨ੍ਹਾਂ ਦਾ ਭਵਿੱਖ ਖ਼ਤਰੇ 'ਚ ਪੈ ਗਿਆ ਹੈ, ਨਾਲ ਹੀ ਉਨ੍ਹਾਂ 'ਤੇ ਨਕਲ ਕਰਨ ਦਾ ਦਾਗ ਵੀ ਲੱਗ ਗਿਆ ਹੈ। ਇਨ੍ਹਾਂ ਵਿਦਿਆਰਥੀਆਂ 'ਚ ਕਈ ਭਾਰਤੀ ਵੀ ਸ਼ਾਮਲ ਹਨ।

ਬਿ੍ਟੇਨ 'ਚ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਵੀਜ਼ਾ ਦਿੱਤੇ ਜਾਣ ਤੋਂ ਪਹਿਲਾਂ ਉਨ੍ਹਾਂ ਦਾ ਅੰਗਰੇਜ਼ੀ ਦਾ ਟੈਸਟ ਹੁੰਦਾ ਹੈ। ਇਸ ਟੈਸਟ 'ਚ ਵੱਡੀ ਗਿਣਤੀ 'ਚ ਵਿਦਿਆਰਥੀ ਗ਼ਲਤ ਤਰੀਕਿਆਂ ਦਾ ਇਸਤੇਮਾਲ ਕਰਦੇ ਹੋਏ ਫੜੇ ਗਏ। ਇਨ੍ਹਾਂ ਵਿਦਿਆਰਥੀਆਂ 'ਚ ਵੱਡੀ ਗਿਣਤੀ ਭਾਰਤ, ਪਾਕਿਸਤਾਨ ਤੇ ਬੰਗਲਾਦੇਸ਼ ਦੇ ਨੌਜਵਾਨਾਂ ਦੀ ਹੈ।

ਇਨ੍ਹਾਂ ਵਿਦਿਆਰਥੀਆਂ ਨੇ ਦੋਸ਼ ਲਗਾਇਆ ਹੈ ਕਿ ਬਿ੍ਟਿਸ਼ ਅਧਿਕਾਰੀਆਂ ਨੇ ਉਨ੍ਹਾਂ 'ਤੇ ਗ਼ਲਤ ਦੋਸ਼ ਲਗਾਏ ਹਨ। ਇਸ ਲਈ ਉਨ੍ਹਾਂ ਨੂੰ ਖ਼ੁਦ ਨੂੰ ਪਾਕ-ਸਾਫ਼ ਸਾਬਤ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਇਨ੍ਹਾਂ ਵਿਦਿਆਰਥੀਆਂ ਨੇ ਕਿਹਾ ਹੈ ਕਿ ਬਿ੍ਟਿਸ਼ ਅਧਿਕਾਰੀਆਂ ਦੇ ਦੋਸ਼ਾਂ ਕਾਰਨ ਉਨ੍ਹਾਂ ਨੂੰ ਵੀਜ਼ਾ ਮਿਲਣਾ ਮੁਸ਼ਕਲ ਹੋ ਗਿਆ ਹੈ। ਕਈ ਵਿਦਿਆਰਥੀਆਂ ਨੂੰ ਤਾਂ ਹੁਣ ਪੰਜ ਸਾਲ ਬਾਅਦ ਵੀਜ਼ਾ ਲੈਣ ਲਈ ਮੌਕਾ ਮਿਲ ਸਕੇਗਾ। ਵਿਦਿਆਰਥੀਆਂ ਨੇ ਬਿ੍ਟਿਸ਼ ਗ੍ਰਹਿ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਖ਼ੁਦ ਨੂੰ ਨਿਰਦੋਸ਼ ਸਾਬਤ ਕਰਨ ਦਾ ਘੱਟੋ ਘੱਟ ਇਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ।