ਲੰਡਨ/ਚੇਨਈ (ਪੀਟੀਆਈ) : ਇਕ ਭਾਰਤੀ ਜੋੜਾ ਜਿਸ ਨੇ ਬਰਤਾਨੀਆ ਦੀ ਅਪੀਲੀ ਕੋਰਟ ਤੋਂ ਆਪਣੇ ਬੱਚਿਆਂ ਦੀ ਹਵਾਲਗੀ ਦਾ ਕੇਸ ਜਿੱਤ ਕੇ ਆਪਣੇ ਬੱਚਿਆਂ ਦੀ ਭਾਰਤੀ ਨਾਗਰਿਕਤਾ ਬਚਾਈ ਹੈ, ਨੇ ਬਰਤਾਨੀਆ ਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਨਾਬਾਲਗ ਬੱਚਿਆਂ ਨੂੰ ਕੇਅਰ ਹੋਮ ਤੋਂ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ ਤਾਂਕਿ ਉਹ ਉਨ੍ਹਾਂ ਨਾਲ ਭਾਰਤ ਵਿਚ ਰਹਿ ਸਕਣ।ਭਾਰਤੀ ਜੋੜਾ ਜੋਕਿ ਤਾਮਿਲਨਾਡੂ ਦੇ ਨਾਗਾਪਟਨਮ ਦਾ ਰਹਿਣ ਵਾਲਾ ਹੈ ਤੇ ਜਿਨ੍ਹਾਂ ਦਾ ਕਾਨੂੰਨੀ ਕਾਰਨਾਂ ਕਰਕੇ ਨਾਂ ਨਹੀਂ ਦੱਸਿਆ ਜਾ ਰਿਹਾ, 2004 'ਚ ਬਰਤਾਨੀਆ ਗਿਆ ਸੀ।

ਉਨ੍ਹਾਂ ਦਾ ਅਗਸਤ 2015 ਤੋਂ ਆਪਣੇ ਦੋਵਾਂ ਬੱਚਿਆਂ ਪੁੱਤਰ (11) ਤੇ ਧੀ (9) ਨਾਲ ਸੰਪਰਕ ਟੁੱਟ ਗਿਆ ਸੀ। ਇਸ ਪਿੱਛੋਂ ਇਨ੍ਹਾਂ ਬੱਚਿਆਂ ਨੂੰ ਬਰਮਿੰਘਮ ਦੇ ਕੇਅਰ ਹੋਮ ਵਿਚ ਭੇਜ ਦਿੱਤਾ ਗਿਆ ਸੀ। ਪਿਛਲੇ ਹਫ਼ਤੇ ਇਨ੍ਹਾਂ ਦਾ ਕੇਸ ਬਰਤਾਨੀਆ ਦੀ ਪਰਿਵਾਰਕ ਅਦਾਲਤ ਵਿਚ ਚੱਲਿਆ ਸੀ ਤੇ ਬਰਮਿੰਘਮ ਚਿਲਡਰਨ ਟਰੱਸਟ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਬਰਤਾਨੀਆ ਦੀ ਨਾਗਰਿਕਤਾ ਦਿੱਤੀ ਜਾਵੇ। ਇਨ੍ਹਾਂ ਬੱਚਿਆਂ ਦੇ 52 ਸਾਲਾਂ ਦੇ ਪਿਤਾ ਨੇ ਅਦਾਲਤ ਨੂੰ ਦੱਸਿਆ ਕਿ ਉਹ ਸਿਵਲ ਇੰਜੀਨੀਅਰ ਹਨ ਤੇ ਭਾਰਤ ਦੇ ਨਾਗਰਿਕ ਹਨ ਤੇ ਉਨ੍ਹਾਂ ਦੇ ਬੱਚੇ ਵੀ ਭਾਰਤੀ ਨਾਗਰਿਕ ਹਨ। ਭਾਰਤੀ ਹਾਈ ਕਮਿਸ਼ਨ ਨੇ ਵੀ ਸਾਡੇ ਬੱਚਿਆਂ ਨੂੰ ਵਾਪਸ ਦੇਣ ਦੀ ਹਮਾਇਤ ਕੀਤੀ ਹੈ। ਬਰਮਿੰਘਮ 'ਚ ਭਾਰਤੀ ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਮਾਪਿਆਂ ਦੀ ਮਦਦ ਕਰ ਰਿਹਾ ਹੈ।

ਬਰਤਾਨੀਆ ਦੀ ਅਪੀਲੀ ਅਦਾਲਤ 'ਚ ਬੱਚਿਆਂ ਦੇ ਪਿਤਾ ਨੂੰ ਮੁਸ਼ਕਲ ਆਈ ਕਿਉਂਕਿ ਉਹ ਤਾਮਿਲ 'ਚ ਗੱਲ ਕਰਦੇ ਸਨ। ਇਸ ਕਰ ਕੇ ਉਨ੍ਹਾਂ ਉੱਘੇ ਵਕੀਲ ਹਰੀਸ਼ ਸਾਲਵੇ ਦੀਆਂ ਸੇਵਾਵਾਂ ਲਈਆਂ। ਸਾਲਵੇ ਨੇ ਅਦਾਲਤ ਨੂੰ ਦੱਸਿਆ ਕਿ ਬੱਚਿਆਂ ਨੂੰ ਬਰਤਾਨਵੀ ਨਾਗਰਿਕਤਾ ਦੇਣ ਨਾਲ ਮੁਢਲੇ ਅਧਿਕਾਰਾਂ ਦਾ ਉਲੰਘਣ ਹੋਵੇਗਾ ਕਿਉਂਕਿ ਦੋਵੇਂ ਬੱਚੇ ਭਾਰਤੀ ਹਨ। ਇਸ ਮੌਕੇ ਇਹ ਵੀ ਦੱਸਿਆ ਗਿਆ ਕਿ ਬੱਚਿਆਂ ਦੀ ਮਾਂ ਇਸ ਸਮੇਂ ਸਿੰਗਾਪੁਰ 'ਚ ਮਾਂ ਕੋਲ ਰਹਿ ਰਹੀ ਹੈ।