ਲੰਡਨ (ਆਈਏਐੱਨਐੱਸ) : ਭਾਰਤਵੰਸ਼ੀ ਡਾਕਟਰ ਭਾਸ਼ਾ ਮੁਖਰਜੀ ਨੇ ਦਰਜਨਾਂ ਪ੍ਰਤੀਭਾਗੀਆਂ ਨੂੰ ਪਿੱਛੇ ਛੱਡਦੇ ਹੋਏ ਮਿਸ ਇੰਗਲੈਂਡ ਦਾ ਤਾਜ ਆਪਣੇ ਨਾਂ ਕਰ ਲਿਆ। ਡਰਬੀ ਦੀ ਰਹਿਣ ਵਾਲੀ 23 ਸਾਲਾ ਭਾਸ਼ਾ ਕੋਲ ਗ੍ਰੈਜੂਏਸ਼ਨ ਦੀਆਂ ਦੋ ਡਿਗਰੀਆਂ ਹਨ। ਇਸ ਜੀਨੀਅਸ ਸੁੰਦਰੀ ਦਾ ਆਈਕਿਊ 146 ਹੈ ਤੇ ਉਹ ਪੰਜ ਭਾਸ਼ਾਵਾਂ ਬੋਲ ਸਕਦੀ ਹੈ। ਮਿਸ ਇੰਗਲੈਂਡ ਮੁਕਾਬਲਾ ਖ਼ਤਮ ਹੁੰਦੇ ਹੀ ਉਹ ਬੋਸਟਨ ਸਥਿਤ ਹਸਪਤਾਲ 'ਚ ਜੂਨੀਅਰ ਡਾਕਟਰ ਦੇ ਤੌਰ 'ਤੇ ਨੌਕਰੀ ਸ਼ੁਰੂ ਕਰਨ ਵਾਲੇ ਸਨ। ਹੁਣ ਉਹ ਮਿਸ ਵਰਲਡ ਮੁਕਾਬਲੇ 'ਚ ਇੰਗਲੈਂਡ ਦੀ ਅਗਵਾਈ ਕਰੇਗੀ।

ਭਾਰਤ 'ਚ ਜਨਮੀ ਭਾਸ਼ਾ ਨੌਂ ਸਾਲ ਦੀ ਉਮਰ 'ਚ ਆਪਣੇ ਮਾਪਿਆਂ ਨਾਲ ਇੰਗਲੈਂਡ ਪਹੁੰਚ ਗਈ ਸੀ। ਨਾਟਿੰਘਮ ਯੂਨੀਵਰਸਿਟੀ ਤੋਂ ਮੈਡੀਕਲ ਸਾਇੰਸ ਦੇ ਨਾਲ ਉਨ੍ਹਾਂ ਮੈਡੀਸਿਨ ਤੇ ਸਰਜਰੀ 'ਚ ਵੀ ਡਿਗਰੀ ਕੀਤੀ ਹੈ। ਮਿਸ ਇੰਗਲੈਂਡ ਦੇ ਆਖ਼ਰੀ ਪੜਾਅ ਤੋਂ ਪਹਿਲਾਂ ਇਕ ਇੰਟਰਵਿਊ 'ਚ ਉਨ੍ਹਾਂ ਕਿਹਾ ਸੀ, 'ਕਈ ਲੋਕ ਸੋਚਦੇ ਹਨ ਕਿ ਸੁੰਦਰਤਾ ਮੁਕਾਬਲੇ ਜਿੱਤਣ ਵਾਲੀਆਂ ਕੁੜੀਆਂ ਬੁੱਧੂ ਹੁੰਦੀਆਂ ਹਨ। ਪਰ ਅਸੀਂ ਸਭ ਕਿਸੇ ਨਾ ਕਿਸੇ ਮਕਸਦ ਨਾਲ ਹੀ ਇੱਥੇ ਹਾਂ। ਮੈਡੀਕਲ ਦੀ ਪੜ੍ਹਾਈ ਦਰਮਿਆਨ ਮੈਂ ਇਸ ਤਰ੍ਹਾਂ ਦੇ ਮੁਕਾਬਲੇ 'ਚ ਹਿੱਸਾ ਲੈਣ ਬਾਰੇ ਸੋਚਿਆ। ਇਸਦੇ ਲਈ ਮੈਨੂੰ ਖ਼ੁਦ ਨੂੰ ਬਹੁਤ ਸਮਝਾਉਣਾ ਵੀ ਪਿਆ ਸੀ।' ਸਕੂਲ ਦੇ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਿੱਖਣ ਲਈ ਹਮੇਸ਼ਾ ਉਤਸ਼ਾਹਿਤ ਰਹਿੰਦੀ ਸੀ ਇਸੇ ਲਈ ਆਪਣੇ ਅਧਿਆਪਕਾਂ ਦੀ ਚਹੇਤੀ ਸੀ। ਕਲਾਸ 'ਚ ਸਭ ਤੋਂ ਹੁਸ਼ਿਆਰ ਹੋਣ ਲਈ ਉਨ੍ਹਾਂ ਨੂੰ ਆਇੰਸਟੀਨ ਐਵਾਰਡ ਵੀ ਮਿਲਿਆ ਸੀ। ਉਹ ਇਕ ਸਮਾਜਕ ਸੰਸਥਾ ਵੀ ਚਲਾਉਂਦੀ ਹੈ। 2017 'ਚ ਉਨ੍ਹਾਂ ਨੇ ਜੈਨਰੇਸ਼ਨ ਬਿ੍ਜ ਪ੍ਰਾਜੈਕਟ 'ਤੇ ਕੰਮ ਸ਼ੁਰੂ ਕੀਤਾ ਜੋ ਇਕੱਲੇਪਨ ਨਾਲ ਜੂਝ ਰਹੇ ਬਜ਼ੁਰਗਾਂ ਦੀ ਮਦਦ ਕਰਦਾ ਹੈ।