ਲੰਡਨ (ਪੀਟੀਆਈ) : ਭਾਰਤਵੰਸ਼ੀ ਵਾਸਤੂਕਾਰ ਤੇ ਡਿਜ਼ਾਈਨ ਐਡਵੋਕੇਟ ਨੈਰਿਤਾ ਚੱਕਰਵਰਤੀ ਨੂੰ ਹਿਸਟੋਰਿਕ ਇੰਗਲੈਂਡ ਦੇ ਕਮਿਸ਼ਨਰ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਹਿਸਟੋਰਿਕ ਇੰਗਲੈਂਡ ਦੇਸ਼ ਦੇ ਵਾਤਾਵਰਨ ਤੇ ਵਿਰਾਸਤ ਦੀ ਦੇਖਭਾਲ ਕਰਨ ਵਾਲੀ ਜਨਤਕ ਸੰਸਥਾ ਹੈ। ਦਿੱਲੀ ਦੀ ਜੰਮਪਲ ਤੇ ਬਿ੍ਟੇਨ ਜਾਣ ਤੋਂ ਪਹਿਲਾਂ ਸਕੂਲ ਆਫ ਪਲਾਨਿੰਗ ਐਂਡ ਆਰਕੀਟੈਕਚਰ ਤੋਂ ਪੜ੍ਹਾਈ ਕਰਨ ਵਾਲੀ ਨੈਰਿਤਾ ਕੋਲ ਵਿਰਾਸਤ, ਵਾਸਤੂਸ਼ਿਲਪ ਤੇ ਡਿਜ਼ਾਈਨ ਦੇ ਖੇਤਰ 'ਚ 16 ਸਾਲਾਂ ਤੋਂ ਵੱਧ ਦਾ ਅਨੁਭਵ ਹੈ। ਉਹ ਪਹਿਲਾਂ ਤੋਂ ਹੀ ਹਿਸਟੋਰਿਕ ਇੰਗਲੈਂਡ ਦੀ ਸਲਾਹਕਾਰ ਕਮੇਟੀ ਦੀ ਮੈਂਬਰ ਹਨ। ਨੈਰਿਤਾ ਪਹਿਲੀ ਜੁਲਾਈ ਤੋਂ ਆਪਣੀ ਨਵੀਂ ਭੂਮਿਕਾ ਦੀ ਸ਼ੁਰੂਆਤ ਕਰਨਗੇ ਤੇ ਜੂਨ 2026 ਤਕ ਸੰਸਥਾ ਦੀ ਕਮਿਸ਼ਨਰ ਅਹੁਦੇ 'ਤੇ ਕਾਇਮ ਰਹਿਣਗੇ।

ਉਨ੍ਹਾਂ ਕਿਹਾ, 'ਮੈਂ ਆਪਣੇ ਸਹਿਯੋਗੀਆਂ ਨਾਲ ਕੰਮ ਕਰਨ ਲਈ ਉਤਸੁਕ ਹਾਂ, ਜਿਨ੍ਹਾਂ ਨੇ ਮੇਰੇ ਪੂਰੇ ਕਰੀਅਰ 'ਚ ਮੈਨੂੰ ਪ੍ਰਰੇਰਿਤ ਕਰਦਿਆਂ ਮਾਰਗ ਦਰਸ਼ਨ ਕੀਤਾ ਹੈ। ਅਸੀਂ ਬਹੁਤ ਮੁਸ਼ਕਲ ਚੁਣੌਤੀਆਂ ਦੇ ਨਾਲ-ਨਾਲ ਮੌਕਿਆਂ ਨਾਲ ਭਰਪੂਰ ਸਮੇਂ 'ਚ ਜੀਅ ਰਹੇ ਹਾਂ। ਮੈਂ ਇਕ ਅਹਿਮ ਵਸੀਲੇ ਦੇ ਰੂਪ 'ਚ ਵਿਰਾਸਤ ਦੀ ਭੂਮਿਕਾ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਕਰ ਰਹੀ ਹਾਂ। ਇਹ ਸਾਡੀ ਸੱਭਿਆਚਾਰਕ ਪਛਾਣ ਨੂੰ ਵਧਾਵਾ ਤੇ ਕਾਰਬਨ ਮੁਕਤ ਸਮਾਜ 'ਚ ਯੋਗਦਾਨ ਦਿੰਦਾ ਹੈ।'

ਨੈਰਿਤਾ ਕੋਲ ਮੁੜ ਨਿਰਮਾਣ, ਰਿਹਾਇਸ਼ੀ ਤੇ ਬੁਨਿਆਦੀ ਢਾਂਚਾ ਪ੍ਰਰਾਜੈਕਟਾਂ ਦੇ ਸੰਚਾਲਨ ਤੇ ਇਤਿਹਾਸਕ ਇਮਾਰਤਾਂ ਦੀ ਲਗਾਤਾਰ ਵਰਤੋਂ ਨੂੰ ਯਕੀਨੀ ਕਰਨ ਦਾ ਲੰਬਾ ਅਨੁਭਵ ਹੈ। ਉਨ੍ਹਾਂ ਕਿਹਾ, 'ਮੇਰੇ ਜਨਤਕ ਤੇ ਨਿੱਜੀ ਖੇਤਰ ਦੇ ਅਨੁਭਵਾਂ ਨੇ ਮੈਨੂੰ ਪਲਾਨਿੰਗ ਤੇ ਸਰਪ੍ਰਸਤੀ ਦੀ ਅਨੋਖੀ ਅੰਤਰ ਦਿ੍ਸ਼ਟੀ ਪ੍ਰਦਾਨ ਕੀਤੀ ਹੈ। ਇਸ ਨੇ ਮੈਨੂੰ ਤਰਕ ਦੇ ਹੱਕ ਤੇ ਵਿਰੋਧ 'ਚ ਸੋਚਣ ਤੇ ਸਮਝਣ ਦੀ ਸਮਰੱਥਾ ਦਿੱਤੀ ਹੈ, ਤਾਂਕਿ ਕਿਸੇ ਵੀ ਸਥਿਤੀ ਦਾ ਢੁਕਵਾਂ ਹੱਲ ਤਲਾਸ਼ ਸਕਾਂ।'

ਕੋਲਕਾਤਾ ਨਾਲ ਵੀ ਹੈ ਗਹਿਰਾ ਜੁੜਾਅ

ਨੈਰਿਤਾ ਦੇ ਪਿਤਾ ਵਿਗਿਆਨੀ ਤੇ ਮਾਤਾ ਲੇਖਿਕਾ ਹਨ। ਉਨ੍ਹਾਂ ਦੇ ਮਾਤਾ-ਪਿਤਾ ਤੇ ਛੋਟਾ ਭਰਾ ਦਿੱਲੀ 'ਚ ਰਹਿੰਦੇ ਹਨ। ਉਨ੍ਹਾਂ ਦੇ ਵੱਡੇ ਪਰਿਵਾਰ ਦਾ ਇਕ ਹਿੱਸਾ ਕੋਲਕਾਤਾ 'ਚ ਰਹਿੰਦਾ ਹੈ, ਜਿਸ ਨਾਲ ਉਨ੍ਹਾਂ ਦਾ ਗਹਿਰਾ ਜੁੜਾਅ ਹੈ। ਨੈਰਿਤਾ ਕਹਿੰਦੀ ਹੈ ਕਿ ਕੋਲਕਾਤਾ ਦੀ ਬਸਤੀਵਾਦੀ ਵਿਰਾਸਤ ਨੇ ਉਨ੍ਹਾਂ ਨੂੰ ਹਮੇਸ਼ਾ ਪ੍ਰਰੇਰਿਤ ਕੀਤਾ ਹੈ।