ਲੰਡਨ (ਏਜੰਸੀ) : ਭਾਰਤ ਜਾਣ ਤੇ ਬੈਂਕ ਘੁਟਾਲੇ ਦੇ ਕੇਸ ਤੋਂ ਬਚਣ ਲਈ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਵਕੀਲਾਂ ਨੇ ਬਰਤਾਨਵੀ ਕੋਰਟ 'ਚ ਨਵਾਂ ਬਹਾਨਾ ਪੇਸ਼ ਕੀਤਾ ਹੈ। ਕਿਹਾ ਹੈ ਕਿ ਭਾਰਤ 'ਚ ਨੀਰਵ ਦਾ ਮਾਮਲਾ ਸਿਆਸਤ ਦਾ ਸ਼ਿਕਾਰ ਹੋ ਗਿਆ ਹੈ। ਇਸ ਹਾਲਤ 'ਚ ਮਾਮਲੇ ਦੀ ਅਦਾਲਤੀ ਪ੍ਰਕਿਰਿਆ ਦੇ ਵਿਤਕਰੇ ਭਰੀ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ। ਹਾਲਾਤ ਅਜਿਹੇ ਹਨ ਕਿ ਭਾਰਤ ਭੇਜੇ ਜਾਣ 'ਤੇ ਨੀਰਵ ਨੂੰ ਉੱਥੇ ਖ਼ੁਦਕੁਸ਼ੀ ਵੀ ਕਰਨੀ ਪੈ ਸਕਦੀ ਹੈ।

49 ਸਾਲਾ ਭਗੌੜੇ ਹੀਰਾ ਕਾਰੋਬਾਰੀ 'ਤੇ ਪੰਜਾਬ ਨੈਸ਼ਨਲ ਬੈਂਕ ਦੇ 12 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਘੁਟਾਲੇ ਦਾ ਦੋਸ਼ ਹੈ। ਉਸ ਨੇ ਇਸ ਧਨ ਨੂੰ ਗ਼ੈਰ ਕਾਨੂੰਨੀ ਤੌਰ 'ਤੇ ਦੇਸ਼ ਤੋਂ ਬਾਹਰ ਵੀ ਭੇਜਿਆ। 2019 'ਚ ਉਸ ਨੂੰ ਲੰਡਨ 'ਚ ਗਿ੍ਫ਼ਤਾਰ ਕਰ ਲਿਆ ਗਿਆ ਸੀ। ਹੁਣ ਉਸ ਦੀ ਭਾਰਤ ਹਵਾਲਗੀ ਲਈ ਲੰਡਨ ਦੀ ਵੈਸਟਮਿੰਸਟਰ ਮੈਜਿਸਟ੍ਰੇਟ ਕੋਰਟ 'ਚ ਕੇਸ ਚੱਲ ਰਿਹਾ ਹੈ। ਪੰਜ ਦਿਨ ਲਗਾਤਾਰ ਚੱਲਣ ਵਾਲੀ ਸੁਣਵਾਈ ਦੇ ਦੂਜੇ ਦਿਨ ਜਸਟਿਸ ਸੈਮੁਅਲ ਗੂਜੀ ਨੇ ਭਾਰਤੀ ਜੇਲ੍ਹਾਂ ਦੇ ਵਿਸ਼ੇ 'ਤੇ ਭਾਰਤੀ ਅਧਿਕਾਰੀਆਂ ਤੋਂ ਹਾਸਲ ਸੂਚਨਾਵਾਂ ਦਾ ਅਧਿਐਨ ਕੀਤਾ। ਇਨ੍ਹਾਂ 'ਚ ਮੁੰਬਈ ਦੀ ਆਰਥਰ ਰੋਡ ਜੇਲ੍ਹ 'ਚ ਹੁਣੇ ਜਿਹੇ ਹੋਏ ਕੋਰੋਨਾ ਇਨਫੈਕਸ਼ਨ ਦੀ ਵੀ ਸੂਚਨਾ ਹੈ। ਨੀਰਵ ਨੂੰ ਹਵਾਲਗੀ ਤੋਂ ਬਾਅਦ ਇਸੇ ਜੇਲ੍ਹ 'ਚ ਰੱਖੇ ਜਾਣ ਦੀ ਸੰਭਾਵਨਾ ਹੈ।

ਸੁਣਵਾਈ 'ਚ ਨੀਰਵ ਮੋਦੀ ਦੀ ਵਕੀਲ ਕਲੇਅਰ ਮਾਂਟਗੁਮਰੀ ਨੇ ਭਾਰਤ ਦੀ ਸਰਬਉੱਚ ਅਦਾਲਤ ਦੇ ਇਕ ਸਾਬਕਾ ਜੱਜ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਭਾਰਤ ਦੀ ਅਦਾਲਤੀ ਵਿਵਸਥਾ ਸਵਾਲਾਂ ਦੇ ਘੇਰੇ 'ਚ ਹੈ। ਨੀਰਵ ਮੋਦੀ ਦਾ ਮਾਮਲਾ ਭਾਰਤ 'ਚ ਸਿਆਸੀ ਮੁੱਦਾ ਬਣ ਚੁੱਕਿਆ ਹੈ। ਉਸ ਨੂੰ ਕੋਈ ਵੀ ਨਿਰਦੋਸ਼ ਮੰਨਣ ਲਈ ਤਿਆਰ ਨਹੀਂ ਹੈ। ਇਸ ਹਾਲਤ 'ਚ ਭਾਰਤ 'ਚ ਉਨ੍ਹਾਂ ਦੇ ਮੁਵੱਕਿਲ ਨਾਲ ਇਨਸਾਫ਼ ਨਹੀਂ ਹੋ ਸਕੇਗਾ। ਕਲੇਅਰ ਨੇ ਕਿਹਾ, ਗਹਿਣਾ ਕਾਰੋਬਾਰੀ ਹੋਣ ਕਾਰਨ ਨੀਰਵ ਭਾਰਤ 'ਚ ਲੋਕਾਂ ਦੀ ਈਰਖਾ ਦਾ ਸ਼ਿਕਾਰ ਹੈ। ਸਾਰੇ ਲੋਕ ਸਿਆਸੀ ਲਾਹਾ ਲੈਣ ਲਈ ਨੀਰਵ ਨੂੰ ਸਜ਼ਾ ਹੁੰਦੇ ਦੇਖਣਾ ਚਾਹੁੰਦੇ ਹਨ। ਇਸੇ ਕਾਰਨ ਭਾਰਤੀ ਜਾਂਚ ਏਜੰਸੀਆਂ-ਸੀਬੀਆਈ ਤੇ ਈਡੀ ਬਚਾਅ ਪੱਖ ਦੇ ਗਵਾਹਾਂ ਨਾਲ ਸਹੀ ਵਿਹਾਰ ਨਹੀਂ ਕਰ ਰਹੇ ਹਨ। ਨੀਰਵ ਦੀ ਵਕੀਲ ਨੇ ਅਦਾਲਤ 'ਚ ਕਿਹਾ ਕਿ ਲੰਡਨ ਦੀ ਵੈਂਡਸਵਰਥ ਜੇਲ੍ਹ 'ਚ ਉਨ੍ਹਾਂ ਦੇ ਮੁਵੱਕਿਲ ਦੀ ਮਾਨਸਿਕ ਸਿਹਤ ਵਿਗੜ ਰਹੀ ਹੈ। ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਜੁਲਾਈ 'ਚ ਉਹ ਸਿਰਫ਼ 25 ਮਿੰਟ ਲਈ ਹੀ ਆਪਣੀ ਕੋਠੜੀ 'ਚੋਂ ਨਿਕਲਿਆ ਤੇ ਬਹੁਤ ਘੱਟ ਸਮੇਂ ਲਈ ਪਰਿਵਾਰ ਨੂੰ ਮਿਲ ਸਕਿਆ। ਇਨ੍ਹਾਂ ਹਾਲਾਤ 'ਚ ਉਹ ਤਣਾਅ ਦਾ ਸ਼ਿਕਾਰ ਹੋ ਗਿਆ ਹੈ। ਉਸ ਨੂੰ ਸਹੀ ਇਲਾਜ ਦੀ ਜ਼ਰੂਰਤ ਹੈ।