ਲੰਡਨ (ਪੀਟੀਆਈ) : ਬਰਤਾਨੀਆ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵੱਲੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਤੋਂ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦੇ ਕਿਸੇ ਵੀ ਘਾਣ ਦੀ ਵਿਸਥਾਰਤ, ਤੇਜ਼ ਤੇ ਪਾਰਦਰਸ਼ਿਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।

ਲੰਬੀ ਗਰਮੀ ਦੀ ਛੁੱਟੀ ਤੋਂ ਬਾਅਦ ਪਹਿਲੇ ਸੰਸਦੀ ਸੈਸ਼ਨ ਦੌਰਾਨ ਹਾਊਸ ਆਫ ਕਾਮਨਜ਼ 'ਚ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੇ ਦੱਸਿਆ ਕਿ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਸੱਤ ਅਗਸਤ ਨੂੰ ਹੋਈ ਗੱਲਬਾਤ 'ਚ ਉਨ੍ਹਾਂ ਕਿਹਾ ਸੀ ਕਿ ਬਰਤਾਨੀਆ ਕਸ਼ਮੀਰ 'ਚ ਹਾਲਾਤ 'ਤੇ ਸਾਵਧਾਨੀ ਨਾਲ ਨਜ਼ਰ ਰੱਖੇਗਾ। ਮੌਖਿਕ ਪ੍ਰਸ਼ਨਕਾਲ 'ਚ ਸੰਸਦ ਮੈਂਬਰਾਂ ਦੇ ਸਵਾਲਾਂ ਦੇ ਜਵਾਬ 'ਚ ਡੋਮਿਨਿਕ ਨੇ ਕਿਹਾ, 'ਹਿਰਾਸਤ, ਸੰਭਾਲੀ ਦੁਰਵਿਹਾਰ ਤੇ ਸੰਚਾਰ ਸੇਵਾਵਾਂ ਠੱਪ ਕਰਨ ਨਾਲ ਸਬੰਧਤ ਮੁੱਦੇ ਮੈਂ ਜੈਸ਼ੰਕਰ ਸਾਹਮਣੇ ਉਠਾਏ ਸਨ। ਭਾਰਤ ਸਰਕਾਰ ਨੇ ਸਾਫ਼ ਕੀਤਾ ਹੈ ਕਿ ਉਹ ਸਿਰਫ਼ ਆਰਜੀ ਹਨ ਤੇ ਬੇਹੱਦ ਜ਼ਰੂਰੀ ਹਨ। ਅਸੀਂ ਚਾਹਾਂਗੇ ਕਿ ਉਹ ਆਪਣੇ ਇਸ ਬਿਆਨ 'ਤੇ ਬਰਕਰਾਰ ਰਹਿਣ।' ਉਨ੍ਹਾਂ ਅੱਗੇ ਕਿਹਾ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਕੋਈ ਵੀ ਦੋਸ਼ ਬੇਹੱਦ ਚਿੰਤਾਜਨਕ ਹੈ।' ਦੱਸਣਯੋਗ ਹੈ ਕਿ ਭਾਰਤ ਕੌਮਾਂਤਰੀ ਭਾਈਚਾਰੇ ਨੂੰ ਸਾਫ਼ ਤੌਰ 'ਤੇ ਕਹਿ ਚੁੱਕਾ ਹੈ ਕਿ ਕਸ਼ਮੀਰ 'ਚੋਂ ਧਾਰਾ 370 ਹਟਾਈ ਜਾਣੀ ਪੂਰੀ ਤਰ੍ਹਾਂ ਅੰਦਰੂਨੀ ਮਾਮਲਾ ਹੈ।