ਲੰਡਨ (ਏਐੱਫਪੀ) : ਬਿ੍ਟੇਨ ਦੀ ਯਾਤਰਾ 'ਤੇ ਆਈ ਹਾਂਗਕਾਂਗ ਦੀ ਕਾਨੂੰਨ ਮੰੰਤਰੀ ਟੈਰੇਸਾ ਚੇਂਗ 'ਤੇ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਧੱਕਾ-ਮੁੱਕੀ ਕਰਦੇ ਹੋਏ ਉਨ੍ਹਾਂ ਨਾਲ ਹੱਥੋਪਾਈ ਕੀਤੀ। ਇਸ ਅਚਾਨਕ ਹਮਲੇ ਤੋਂ ਘਬਰਾਈ ਚੇਂਗ ਜ਼ਮੀਨ 'ਤੇ ਡਿੱਗ ਗਈ ਅਤੇ ਉਨ੍ਹਾਂ ਦੇ ਹੱਥ ਵਿਚ ਸੱਟ ਲੱਗੀ ਹੈ। ਚੇਂਗ ਮੱਧ ਲੰਡਨ ਵਿਚ ਕਰਵਾਏ ਇਕ ਸੈਮੀਨਾਰ ਵਿਚ ਭਾਸ਼ਣ ਦੇਣ ਆਈ ਸੀ। ਚੀਨ ਅਤੇ ਹਾਂਗਕਾਂਗ ਨੇ ਘਟਨਾ ਦੀ ਨਿੰਦਾ ਕੀਤੀ ਹੈ ਅਤੇ ਇਸ ਨੂੰ ਹਾਂਗਕਾਂਗ ਦੇ ਅੰਦੋਲਨਕਾਰੀਆਂ ਨੂੰ ਬਿ੍ਟੇਨ ਦੀ ਸਮਰਥਨ ਦਾ ਨਤੀਜਾ ਦੱਸਿਆ ਹੈ।

ਘਟਨਾ ਦਾ ਵੀਡੀਓ ਦੇਖਣ ਤੋਂ ਪਤਾ ਚੱਲਦਾ ਹੈ ਕਿ ਚੇਂਗ ਜਿਵੇਂ ਹੀ ਸਮਾਗਮ ਵਾਲੀ ਥਾਂ 'ਤੇ ਪੁੱਜੀ ਤਾਂ ਹਾਂਗਕਾਂਗ ਵਿਚ ਲੋਕਤੰਤਰ ਦੀ ਮੰਗ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਇਸ ਪਿੱਛੋਂ ਨਾਅਰੇ ਲਗਾਉਂਦੇ ਹੋਏ ਇਨ੍ਹਾਂ ਲੋਕਾਂ ਨੇ ਚੇਂਗ ਨਾਲ ਧੱਕਾ-ਮੁੱਕੀ ਕੀਤੀ ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਗਈ। ਸੈਮੀਨਾਰ ਕਰਵਾਉਣ ਵਾਲੀ ਸੰਸਥਾ ਚਾਰਟਰਡ ਇੰਸਟੀਚਿਊਟ ਆਫ ਆਰਬੀਟ੍ਰੇਟਰ ਨੇ ਸਮਾਗਮ ਨੂੰ ਰੱਦ ਕਰ ਦਿੱਤਾ। ਸੰਸਥਾ ਨੇ ਕਿਹਾ ਕਿ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਗੱਲਬਾਤ ਨਾਲ ਹੋਣਾ ਚਾਹੀਦਾ ਹੈ ਨਾ ਕਿ ਹਿੰਸਾ ਜਾਂ ਕਿਸੇ ਮਹਿਮਾਨ 'ਤੇ ਹਮਲਾ ਕਰ ਕੇ।

ਲੰਡਨ ਪੁਲਿਸ ਨੇ ਕਿਹਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤਕ ਕਿਸੇ ਨੂੰ ਗਿ੍ਫ਼ਤਾਰ ਨਹੀਂ ਕੀਤਾ ਗਿਆ ਹੈ। ਟੈਰੇਸਾ ਚੇਂਗ ਦੀ ਪਛਾਣ ਨੂੰ ਸਪੱਸ਼ਟ ਨਾ ਕਰਦੇ ਹੋਏ ਕਿਹਾ ਗਿਆ ਹੈ ਕਿ ਇਕ ਔਰਤ ਨੂੰ ਉਸ ਦੇ ਹੱਥ ਵਿਚ ਸੱਟ ਦੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਵੈਸੇ ਚੇਂਗ ਨੂੰ ਹਾਂਗਕਾਂਗ ਵਿਚ ਇਕ ਅਲੋਕਪਿ੍ਰਆ ਆਗੂ ਵਜੋਂ ਜਾਣਿਆ ਜਾਂਦਾ ਹੈ। ਉਹ ਉਸ ਹਵਾਲਗੀ ਬਿੱਲ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨ ਲਈ ਜਾਣੀ ਜਾਂਦੀ ਹੈ ਜਿਸ ਕਾਰਨ ਹਾਂਗਕਾਂਗ ਵਿਚ ਸਰਕਾਰ ਵਿਰੋਧੀ ਅੰਦੋਲਨ ਦੀ ਸ਼ੁਰੂਆਤ ਹੋਈ।