ਲੰਡਨ (ਏਪੀ) : ਰਾਜਕੁਮਾਰ ਹੈਰੀ ਅਤੇ ਉਨ੍ਹਾਂ ਦੀ ਪਤਨੀ ਮੇਘਨ ਕੁੜੀਆਂ ਦੇ ਅਧਿਕਾਰਾਂ ਬਾਰੇ ਸੋਸ਼ਲ ਵਰਕਰ ਮਲਾਲਾ ਯੂਸਫਜ਼ਈ ਵੱਲੋਂ ਕਰਵਾਈ ਇਕ ਵੀਡੀਓ ਚੈਟ 'ਚ ਸ਼ਾਮਲ ਹੋਏ। ਇਹ ਵੀਡੀਓ ਚੈਟ ਕੁੜੀਆਂ ਦੇ ਕੌਮਾਂਤਰੀ ਦਿਵਸ ਮੌਕੇ ਯੂਟਿਊਬ ਚੈਨਲ ਅਤੇ ਵੈੱਬਸਾਈਟ ਰਾਹੀਂ ਐਤਵਾਰ ਨੂੰ ਕਰਵਾਈ ਗਈ ਸੀ ਤਾਂਕਿ ਇਸ ਸਮਾਜਿਕ ਕੰਮ ਲਈ ਫੰਡ ਇਕੱਤਰ ਕੀਤਾ ਜਾ ਸਕੇ। ਮਲਾਲਾ ਫੰਡ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਖ਼ਤਮ ਹੋਣ ਪਿੱਛੋਂ ਵੀ 2 ਕਰੋੜ ਕੁੜੀਆਂ ਸ਼ਾਇਦ ਹੀ ਆਪਣੇ ਸਕੂੁਲਾਂ ਵਿਚ ਪਰਤ ਸਕਣ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਸਵਾਤ ਘਾਟੀ ਦੀ ਰਹਿਣ ਵਾਲੀ ਮਲਾਲਾ ਯੂਸਫਜ਼ਈ ਨੂੰ ਕੁੜੀਆਂ ਦੀ ਪੜ੍ਹਾਈ ਲਈ ਪ੍ਰਚਾਰ ਕਰਨ 'ਤੇ ਅੱਤਵਾਦੀਆਂ ਨੇ ਸਿਰ ਵਿਚ ਗੋਲ਼ੀ ਮਾਰੀ ਸੀ। ਇਸ ਪਿੱਛੋਂ ਉਹ ਲੰਡਨ ਵਿਚ ਰਹਿ ਰਹੀ ਹੈ ਤੇ ਉਸ ਨੂੰ 2014 ਵਿਚ ਸਭ ਤੋਂ ਛੋਟੀ ਉਮਰ ਵਿਚ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਸੀ। ਉਸ ਨੇ ਜੂਨ ਮਹੀਨੇ ਵਿਚ ਬਰਤਾਨੀਆ ਦੀ ਆਕਸਫੋਰਡ ਯੂਨੀਵਰਸਿਟੀ ਤੋਂ ਫਿਲਾਸਫੀ, ਪੋਲੀਟਿਕਸ ਤੇ ਇਕਨਾਮਿਕਸ ਵਿਚ ਗ੍ਰੇਜੂਏਸ਼ਨ ਕੀਤੀ ਹੈ।