ਲੰਡਨ (ਰਾਇਟਰ) : ਅਮਰੀਕਾ 'ਚ ਅਗਲੀ ਰਾਸ਼ਟਰਪਤੀ ਚੋਣ ਸਾਲ 2024 'ਚ ਹੋਣੀ ਹੈ ਪ੍ਰੰਤੂ ਅਗਲੇ ਰਾਸ਼ਟਰਪਤੀ ਨੂੰ ਲੈ ਕੇ ਹੁਣ ਤੋਂ ਹੀ ਅਟਕਲਾਂ ਸ਼ੁਰੂ ਹੋ ਗਈਆਂ ਹਨ। ਬਿ੍ਟੇਨ ਦੀ ਸੱਟੇਬਾਜ਼ੀ ਕੰਪਨੀ ਲੈਡਬ੍ਰੋਕਸ ਦਾ ਦਾਅਵਾ ਹੈ ਕਿ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਗਲੀ ਰਾਸ਼ਟਰਪਤੀ ਚੋਣ ਜਿੱਤ ਸਕਦੀ ਹੈ। ਉਹ ਅਗਲੀ ਰਾਸ਼ਟਰਪਤੀ ਚੋਣ ਜਿੱਤਣ ਦੇ ਲਿਹਾਜ਼ ਨਾਲ ਪਹਿਲੀ ਪਸੰਦ ਹੈ। ਉਨ੍ਹਾਂ ਦੀ ਜਿੱਤ ਦੀ ਸੰਭਾਵਨਾ 22 ਫ਼ੀਸਦੀ ਹੈ। ਇਸ ਮਾਮਲੇ ਵਿਚ ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਅੱਗੇ ਹਨ। ਲੈਡਬ੍ਰੋਕਸ ਅਨੁਸਾਰ 2024 ਦੀ ਰਾਸ਼ਟਰਪਤੀ ਚੋਣ ਵਿਚ ਭਾਰਤੀ ਮੂਲ ਦੀ ਕਮਲਾ ਹੈਰਿਸ ਦੀ ਜਿੱਤ ਦੀ ਸੰਭਾਵਨਾ 22 ਫ਼ੀਸਦੀ ਹੈ। ਇਸ ਪਿੱਛੋਂ 20 ਫ਼ੀਸਦੀ ਦੀ ਸੰਭਾਵਨਾ ਨਾਲ 78 ਸਾਲਾਂ ਦੇ ਬਾਇਡਨ ਹਨ। ਦੱਸਣਯੋਗ ਹੈ ਕਿ ਅਮਰੀਕਾ ਵਿਚ ਪਿਛਲੇ ਸਾਲ ਤਿੰਨ ਨਵੰਬਰ ਨੂੰ ਹੋਈ ਰਾਸ਼ਟਰਪਤੀ ਚੋਣ ਵਿਚ ਟਰੰਪ ਨੂੰ ਜੋਅ ਬਾਇਡਨ ਦੇ ਹੱਥੋਂ ਹਾਰ ਮਿਲੀ ਸੀ ਜਦਕਿ 56 ਸਾਲਾਂ ਦੀ ਹੈਰਿਸ ਉਪ ਰਾਸ਼ਟਰਪਤੀ ਚੁਣੀ ਗਈ ਸੀ। ਉਹ ਅਮਰੀਕਾ ਦੀ ਪਹਿਲੀ ਮਹਿਲਾ ਉਪ ਰਾਸ਼ਟਰਪਤੀ ਹਨ।

Posted By: Susheel Khanna