ਵਿਗਿਆਨੀਆਂ ਨੇ ਗ੍ਰੇਫੀਨ ਅਧਾਰਤ ਇਕ ਨਵਾਂ ਬਾਇਓਸੈਂਸਰ ਵਿਕਸਿਤ ਕੀਤਾ ਹੈ। ਇਹ ਕਿਸੇ ਵਿਅਕਤੀ ਦੇ ਸਾਹ ਨਾਲ ਫੇਫੜੇ ਦੇ ਕੈਂਸਰ ਦਾ ਪਤਾ ਲਗਾ ਸਕਦਾ ਹੈ। ਇਸ ਕਿਫਾਇਤੀ ਤਰੀਕੇ ਨਾਲ ਮੁੱਢਲੀ ਅਵਸਥਾ 'ਚ ਹੀ ਬਿਮਾਰੀ ਦੀ ਪਛਾਣ ਕਰਨਾ ਸੰਭਵ ਹੋ ਸਕੇਗਾ। ਬਿ੍ਟੇਨ ਦੇ ਐਕਸਟਰ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਅਜਿਹੀ ਨਵੀਂ ਤਕਨੀਕ ਈਜ਼ਾਦ ਕੀਤੀ ਹੈ ਜਿਸ ਨਾਲ ਬੇਹੱਦ ਸੰਵੇਦਨਸ਼ੀਲ ਗ੍ਰੇਫੀਨ ਬਾਇਓਸੈਂਸਰ ਤਿਆਰ ਕੀਤਾ ਜਾ ਸਕਦਾ ਹੈ। ਇਹ ਬਾਇਓਸੈਂਸਰ ਫੇਫੜੇ ਦੇ ਕੈਂਸਰ ਦੇ ਸਭ ਤੋਂ ਆਮ ਬਾਇਓਮਾਰਕਰਸ ਦੇ ਮੋਲੀਕਿਊਲਸ ਦੀ ਪਛਾਣ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਤਰੀਕੇ ਨਾਲ ਕੈਂਸਰ ਦੇ ਬਾਇਓਮਾਰਕਰਸ ਦਾ ਮੁੱਢਲੀ ਅਵਸਥਾ 'ਚ ਵੀ ਪਤਾ ਲਗਾਉਣਾ ਸੰਭਵ ਹੋ ਸਕੇਗਾ। ਇਸ ਬਿਮਾਰੀ ਨਾਲ ਦੁਨੀਆ 'ਚ ਹਰ ਸਾਲ ਕਰੀਬ 14 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਐਕਸਟਰ ਦੇ ਸ਼ੋਧਕਰਤਾ ਬੇਨ ਹੋਗਨ ਨੇ ਕਿਹਾ, 'ਸਾਡਾ ਯਕੀਨ ਹੈ ਕਿ ਇਸ ਡਿਵਾਈਸ ਦੇ ਵਿਕਾਸ ਨਾਲ ਅਜਿਹੀ ਕਿਫਾਇਤੀ ਤੇ ਸਟੀਕ ਸਾਹ ਜਾਂਚ ਹਕੀਕਤ 'ਚ ਬਣ ਸਕੇਗੀ ਜਿਸ ਨਾਲ ਫੇਫੜੇ ਦੇ ਕੈਂਸਰ ਦਾ ਮੁੱਢਲੀ ਅਵਸਥਾ 'ਚ ਹੀ ਪਤਾ ਲਗਾਉਣਾ ਸੰਭਵ ਹੋ ਸਕੇਗਾ।'