ਲੰਡਨ (ਏਜੰਸੀਆਂ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ 'ਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 'ਚ ਆ ਰਹੀ ਤੇਜ਼ ਗਿਰਾਵਟ ਦਾ ਕਾਰਨ ਟੀਕਾਕਰਨ ਨਹੀਂ ਬਲਕਿ ਤਿੰਨ ਮਹੀਨਿਆਂ ਤੋਂ ਜਾਰੀ ਲਾਕਡਾਊਨ ਹੈ। ਪਾਬੰਦੀਆਂ 'ਚ ਢਿੱਲ ਨਾਲ ਮਹਾਮਾਰੀ ਫਿਰ ਵਧ ਸਕਦੀ ਹੈ। ਪ੍ਰਧਾਨ ਮੰਤਰੀ ਜੌਨਸਨ ਨੇ ਕਿਹਾ ਕਿ ਮਹਾਮਾਰੀ ਨੂੰ ਘੱਟ ਕਰਨ 'ਚ ਲਾਕਡਾਊਨ ਨੇ ਵੱਡਾ ਕੰਮ ਕੀਤਾ। ਅਨਲਾਕ ਦਾ ਨਤੀਜਾ ਨਵੇਂ ਮਾਮਲਿਆਂ ਤੇ ਮੌਤਾਂ 'ਚ ਵਾਧੇ ਦੇ ਰੂਪ 'ਚ ਸਾਹਮਣੇ ਆਵੇਗਾ। ਹਾਲਾਤ ਸੁਧਰਨ 'ਤੇ ਇੰਗਲੈਂਡ 'ਚ ਸ਼ਰਤਾਂ ਨਾਲ ਸਾਰੇ ਪ੍ਰਚੂਨ ਕਾਰੋਬਾਰਾਂ, ਜਿੰਮ, ਹੇਅਰਡ੍ਰੈਸਰ ਤੇ ਪਬ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ।

ਬ੍ਰਾਜ਼ੀਲ 'ਚ 1,480 ਪੀੜਤਾਂ ਦੀ ਗਈ ਜਾਨ

ਬ੍ਰਾਜ਼ੀਲ 'ਚ ਸੋਮਵਾਰ ਨੂੰ ਕੋਰੋਨਾ ਨਾਲ 1,480 ਪੀੜਤਾਂ ਦੀ ਮੌਤ ਹੋ ਗਈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਤਿੰਨ ਲੱਖ 54 ਹਜ਼ਾਰ ਤੋਂ ਵੱਧ ਹੋ ਗਈ। ਇਸ ਦੌਰਾਨ 38 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ। ਇੱਥੇ ਹੁਣ ਤਕ ਕੁਲ ਇਕ ਕਰੋੜ 35 ਲੱਖ 20 ਹਜ਼ਾਰ ਤੋਂ ਵੱਧ ਇਨਫੈਕਟਿਡ ਪਾਏ ਗਏ ਹਨ। ਏਧਰ ਫਰਾਂਸ ਨੇ ਕਿਹਾ ਕਿ ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਲਈ ਬ੍ਰਾਜ਼ੀਲ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ 'ਤੇ ਰੋਕ ਲਗਾਈ ਜਾਵੇਗੀ।

ਅਮਰੀਕਾ 'ਚ ਜੌਨਸਨ ਐਂਡ ਜੌਨਸਨ ਦੀ ਵੈਕਸੀਨ 'ਤੇ ਰੋਕ ਦੀ ਉੱਠੀ ਮੰਗ

ਅਮਰੀਕਾ 'ਚ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਦੇ ਇਸਤੇਮਾਲ 'ਤੇ ਰੋਕ ਲਗਾਉਣ ਦੀ ਮੰਗ ਉਠੀ ਹੈ। ਇਹ ਟੀਕਾ ਲਗਵਾਉਣ ਵਾਲੇ ਛੇ ਲੋਕਾਂ 'ਚ ਖੂਨ ਦਾ ਥੱਕਾ ਬਣਨ ਦੀ ਸ਼ਿਕਾਇਤ ਤੋਂ ਬਾਅਦ ਇਹ ਮੰਗ ਕੀਤੀ ਗਈ। ਅਮਰੀਕੀ ਸਿਹਤ ਏਜੰਸੀ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰਰੀਵੈਂਸ਼ਨ ਇਨ੍ਹਾਂ ਮਾਮਲਿਆਂ ਦੀ ਸਮੀਖਿਆ ਲਈ ਬੁੱਧਵਾਰ ਨੂੰ ਬੈਠਕ ਕਰਨ ਜਾ ਰਹੀ ਹੈ। ਏਜੰਸੀ ਨੇ ਬਿਆਨ 'ਚ ਕਿਹਾ ਕਿ ਮਾੜੇ ਪ੍ਰਭਾਵ ਵਾਲੇ ਮਾਮਲੇ ਬੇਹੱਤ ਘੱਟ ਸਾਹਮਣੇ ਆ ਰਹੇ ਹਨ। ਅਮਰੀਕਾ 'ਚ ਹੁਣ ਤਕ ਜੌਨਸਨ ਐਂਡ ਜੌਨਸਨ ਦੀ ਵੈਕਸੀਨ ਦੀ 68 ਲੱਖ ਡੋਜ਼ ਲਗਾਈਆਂ ਜਾ ਚੁੱਕੀਆਂ ਹਨ।