ਲੰਡਨ (ਪੀਟੀਆਈ) : ਪੂਰਬੀ ਭਾਰਤ ਅਤੇ ਬੰਗਲਾਦੇਸ਼ ਦੇ ਇਲਾਕੇ ਵਿਚ ਵੱਗਣ ਵਾਲੀ ਗੰਗਾ, ਬ੍ਰਹਿਮਪੁੱਤਰ ਅਤੇ ਮੇਘਨਾ ਦੇ ਡੈਲਟਾ ਦਾ ਜਲ ਪੱਧਰ ਇਸ ਸਦੀ ਦੇ ਅੰਤ ਤਕ 1.4 ਮੀਟਰ ਤਕ ਵੱਧ ਸਕਦਾ ਹੈ। ਜਲ ਪੱਧਰ ਵਿਚ ਵਾਧਾ ਅਤੇ ਢਿੱਗਾਂ ਡਿੱਗਣ ਦੇ ਖੇਤਰੀ ਅਨੁਮਾਨਾਂ ਨੂੰ ਦੱਸਣ ਵਾਲਾ ਇਹ ਅਧਿਐਨ ਸੋਮਵਾਰ ਨੂੰ ਪੀਐੱਨਏਐੱਸ ਨਾਮਕ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਗਿਆ। ਅਧਿਐਨ ਵਿਚ ਕਿਹਾ ਗਿਆ ਹੈ ਕਿ ਇਸ ਦੇ ਸਿੱਟਿਆਂ 'ਤੇ ਕੰਮ ਕਰ ਕੇ ਅਸੀਂ ਭਾਰਤ ਅਤੇ ਬੰਗਲਾਦੇਸ਼ ਵਿਚ ਹੜ੍ਹਾਂ ਤੋਂ ਹੋਣ ਵਾਲੇ ਨੁਕਸਾਨ ਨੂੰ ਘੱਟ ਕਰ ਸਕਦੇ ਹਾਂ।

ਫਰਾਂਸ ਦੇ ਸੀਐੱਨਆਰਐੱਸ ਇੰਸਟੀਚਿਊਟ ਸਹਿਤ ਵੱਖ-ਵੱਖ ਦੇਸ਼ਾਂ ਦੇ ਖੋਜਕਰਤਾਵਾਂ ਮੁਤਾਬਿਕ ਇਹ ਖੇਤਰ ਨਾ ਕੇਵਲ ਦੁਨੀਆ ਵਿਚ ਸਭ ਤੋਂ ਵੱਡਾ ਹੈ ਬਲਕਿ ਇਹ ਸਭ ਤੋਂ ਸੰਘਣੀ ਆਬਾਦੀ ਵਾਲਾ ਡੈਲਟਾ ਹੈ। ਇਹ ਪੌਣਪਾਣੀ ਪਰਿਵਰਤਨ ਲਈ ਸੰਵੇਦਨਸ਼ੀਲ ਥਾਵਾਂ ਵਿਚੋਂ ਵੀ ਇਕ ਹੈ। ਹਾਲਾਂਕਿ ਆਪਣੇ ਸਿੱਟਿਆਂ ਵਿਚ ਖੋਜਕਰਤਾਵਾਂ ਨੇ ਇਹ ਜ਼ਰੂਰ ਕਿਹਾ ਹੈ ਕਿ ਪਾਣੀ ਦਾ ਪੱਧਰ ਵੱਧਣ ਦੀ ਹੱਦ ਅਤੇ ਉਸ ਨਾਲ ਪੈਣ ਵਾਲੇ ਪ੍ਰਭਾਵ ਦੇ ਬਾਰੇ ਵਿਚ ਹੁਣ ਵੀ ਪੂਰੀ ਜਾਣਕਾਰੀ ਨਹੀਂ ਮਿਲ ਸਕੀ। ਬੰਗਲਾਦੇਸ਼ ਦੇ ਦੋ-ਤਿਹਾਈ ਅਤੇ ਪੂਰਬੀ ਭਾਰਤ ਦੇ ਇਲਾਕੇ ਦੇ ਇਸ ਡੈਲਟਾ ਵਿਚ ਪਹਿਲੇ ਤੋਂ ਹੀ ਹੜ੍ਹ ਦਾ ਖ਼ਤਰਾ ਰਹਿੰਦਾ ਹੈ। ਮੌਜੂਦਾ ਅਧਿਐਨ ਤਹਿਤ ਡੈਲਟਾ ਦੀਆਂ 101 ਥਾਵਾਂ 'ਤੇ ਪਾਣੀ ਅਤੇ ਸਮੁੰਦਰ ਦੇ ਪੱਧਰ ਦੀ ਮਾਸਿਕ ਰੀਡਿੰਗ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਤੋਂ ਪਤਾ ਚੱਲਦਾ ਹੈ ਕਿ 1968 ਤੋਂ 2012 ਵਿਚਕਾਰ ਪਾਣੀ ਦੇ ਪੱਧਰ ਵਿਚ ਅੌਸਤਨ ਤਿੰਨ ਮਿਲੀਮੀਟਰ ਪ੍ਰਤੀ ਸਾਲ ਦਾ ਵਾਧਾ ਹੋਇਆ ਹੈ। ਇਹ ਸਮੁੰਦਰ ਦੇ ਪੱਧਰ ਵਿਚ ਹੋਣ ਵਾਲੇ ਵਿਸ਼ਵ ਪੱਧਰੀ ਵਾਧੇ ਦੀ ਤੁਲਨਾ ਵਿਚ ਜ਼ਿਆਦਾ ਹੈ ਜੋ ਇਸੇ ਸਮਾਂ-ਸੀਮਾ ਵਿਚ ਦੋ ਮਿਲੀਮੀਟਰ ਪ੍ਰਤੀ ਸਾਲ ਹੈ। ਇਸ ਪਿੱਛੋਂ ਖੋਜਕਰਤਾਵਾਂ ਨੇ ਇਸ ਖੇਤਰ ਵਿਚ ਢਿੱਗਾਂ ਡਿੱਗਣ ਦਾ ਅਨੁਮਾਨ ਲਗਾਇਆ ਤਾਂ ਪਤਾ ਚੱਲਿਆ ਕਿ 1993 ਤੋਂ 2012 ਵਿਚਕਾਰ ਡੈਲਟਾ ਵਿਚ ਅਧਿਕਤਮ ਢਿੱਗਾਂ ਡਿੱਗਣਾ ਇਕ ਤੋਂ ਸੱਤ ਮਿਲੀਮੀਟਰ ਪ੍ਰਤੀ ਸਾਲ ਦੇ ਵਿਚਕਾਰ ਸੀ। ਅਧਿਐਨ ਵਿਚ ਕਿਹਾ ਗਿਆ ਹੈ ਕਿ ਜੇ ਇਸੇ ਦਰ ਨਾਲ ਢਿੱਗਾਂ ਡਿੱਗਣਾ ਜਾਰੀ ਰਿਹਾ ਤਾਂ ਸਦੀ ਦੇ ਅੰਤ ਤਕ ਪਾਣੀ ਦੇ ਪੱਧਰ ਵਿਚ 85-140 ਸੈਂਟੀਮੀਟਰ ਤਕ ਵਾਧਾ ਹੋ ਸਕਦਾ ਹੈ। ਇਹ ਅੰਕੜਾ ਹਾਲ ਹੀ ਵਿਚ ਪ੍ਰਕਾਸ਼ਿਤ ਆਈਪੀਸੀਸੀ ਰਿਪੋਰਟ 'ਚ ਮੁਹੱਈਆ ਕਰਵਾਏ ਗਏ ਅਨੁਮਾਨਾਂ ਤੋਂ ਦੋਗੁਣਾ ਹੈ।