ਲੰਡਨ : ਲੰਡਨ ਦੇ ਚਿੜੀਆਘਰ 'ਚ ਇਕ ਚੀਤੇ ਅਤੇ ਮਾਦਾ ਚੀਤੇ ਦੀ ਮੁਲਾਕਾਤ ਕਰਵਾਉਣ ਦਾ ਫ਼ੈਸਲਾ ਭਾਰੀ ਪੈ ਗਿਆ। ਚੀਤੇ ਨੇ ਪਹਿਲੀ ਹੀ ਮੁਲਾਕਾਤ ਵਿਚ ਮਾਦਾ ਚੀਤੇ 'ਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ। ਚਿੜੀਆਘਰ ਦੇ ਅਧਿਕਾਰੀ ਚੀਤੇ ਦੇ ਇਸ ਵਿਹਾਰ ਤੋਂ ਹੈਰਾਨ ਹਨ।

ਮਾਮਲਾ ਜ਼ੈੱਡਐੱਸਐੱਲ ਲੰਡਨ ਚਿੜੀਆਘਰ ਦਾ ਹੈ। ਇਥੇ ਸੁਮਾਤ੍ਨ ਪ੍ਜਾਤੀ ਦਾ ਚੀਤਾ ਆਸਿਮ ਅਤੇ ਮਾਦਾ ਚੀਤਾ ਮੇਲਾਤੀ ਰਹਿ ਰਹੇ ਸਨ। ਇਸ ਕਿਸਮ ਦੇ ਚੀਤੇ ਸਿਰਫ਼ ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ਵਿਚ ਪਾਏ ਜਾਂਦੇ ਹਨ। ਦੁਨੀਆ ਭਰ ਵਿਚ ਇਨ੍ਹਾਂ ਦੀ ਗਿਣਤੀ 400 ਤੋਂ ਵੀ ਘੱਟ ਰਹਿ ਗਈ ਹੈ। ਅਧਿਕਾਰੀਆਂ ਨੇ ਪ੍ਜਨਨ ਨੂੰ ਲੈ ਕੇ ਦੋਵਾਂ ਨੂੰ ਨੇੜੇ ਲਿਆਉਣ ਦਾ ਫ਼ੈਸਲਾ ਕੀਤਾ ਸੀ।

ਇਸ ਲਈ 10 ਦਿਨਾਂ ਤੋਂ ਤਿਆਰੀ ਕੀਤੀ ਜਾ ਰਹੀ ਸੀ। ਦੋਵਾਂ ਦੇ ਪਿੰਜਰਿਆਂ ਨੂੰ ਆਸਪਾਸ ਰੱਖਿਆ ਗਿਆ ਸੀ ਤਾਕਿ ਉਹ ਇਕ-ਦੂਜੇ ਦੀ ਗੰਧ ਨੂੰ ਪਛਾਣ ਸਕਣ। ਹਾਲਾਂਕਿ ਇਨ੍ਹਾਂ ਸਾਰੀਆਂ ਤਿਆਰੀਆਂ ਦਾ ਕੋਈ ਲਾਭ ਨਹੀਂ ਹੋਇਆ। ਸ਼ੁੱਕਰਵਾਰ ਨੂੰ ਜਿਵੇਂ ਹੀ ਦੋਵਾਂ ਨੂੰ ਨੇੜੇ ਲਿਆਉਂਦਾ ਗਿਆ ਚੀਤਾ ਹਮਲਾਵਰ ਹੋ ਗਿਆ। ਉਸ ਨੇ ਮਾਦਾ ਚੀਤਾ 'ਤੇ ਹਮਲਾ ਕਰ ਦਿੱਤਾ।

ਇਸ ਤੋਂ ਪਹਿਲੇ ਕਿ ਚਿੜੀਆਘਰ ਦੇ ਅਧਿਕਾਰੀ ਅਤੇ ਕਰਮਚਾਰੀ ਦੋਵਾਂ ਨੂੰ ਅਲੱਗ ਕਰਦੇ ਮਾਦਾ ਚੀਤਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ। ਚੀਤੇ ਤੋਂ ਛੁਡਵਾਉਣ ਪਿੱਛੋਂ ਅਧਿਕਾਰੀਆਂ ਨੇ ਮਾਦਾ ਚੀਤਾ ਨੂੰ ਮਿ੍ਤਕ ਐਲਾਨ ਦਿੱਤਾ। ਮੇਲਾਤੀ ਦੀ ਉਮਰ 10 ਸਾਲ ਸੀ ਅਤੇ ਲੰਬੇ ਸਮੇਂ ਤੋਂ ਇਸੇ ਚਿੜੀਆਘਰ ਵਿਚ ਰਹਿ ਰਹੀ ਸੀ। ਸੱਤ ਸਾਲ ਦੇ ਆਸਿਮ ਨੂੰ 29 ਜਨਵਰੀ ਨੂੰ ਡੈਨਮਾਰਕ ਦੀ ਰੀ-ਪਾਰਕ ਸਫਾਰੀ ਤੋਂ ਇਥੇ ਲਿਆਇਆ ਗਿਆ ਸੀ।

ਹੈਰਾਨ ਹਨ ਅਧਿਕਾਰੀ

ਚੀਤਾ ਆਸਿਮ ਦੇ ਵਿਹਾਰ ਤੋਂ ਚਿੜੀਆਘਰ ਦੇ ਅਧਿਕਾਰੀ ਹੈਰਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਸਿਮ ਦਾ ਵਿਹਾਰ ਹੁਣ ਤਕ ਬਹੁਤ ਸਹੀ ਪਾਇਆ ਗਿਆ ਹੈ। ਮਾਦਾ ਚੀਤਿਆਂ ਪ੍ਤੀ ਵੀ ਉਸ ਦਾ ਵਿਹਾਰ ਠੀਕ ਰਿਹਾ ਹੈ। ਇਸੇ ਕਾਰਨ ਉਸ ਨੂੰ ਮੇਲਾਤੀ ਲਈ ਯੋਗ ਮੰਨਿਆ ਗਿਆ ਸੀ। 'ਆਸਿਮ' ਅਰਬੀ ਦਾ ਸ਼ਬਦ ਹੈ ਜਿਸ ਦਾ ਅਰਥ ਹੁੰਦਾ ਹੈ 'ਰਖਿਅਕ'।

ਸਭ ਤੋਂ ਪੁਰਾਣਾ ਹੈ ਇਹ ਚਿੜੀਆਘਰ

ਲੰਡਨ ਦੇ ਰੀਜੈਂਟਸ ਪਾਰਕ ਵਿਚ ਸਥਿਤ ਇਸ ਚਿੜੀਆਘਰ ਵਿਚ 20 ਹਜ਼ਾਰ ਤੋਂ ਜ਼ਿਆਦਾ ਜਾਨਵਰ ਰਹਿੰਦੇ ਹਨ। ਇਸ ਦੀ ਸਥਾਪਨਾ ਸੰਨ 1800 ਦੇ ਕਰੀਬ ਹੋਈ ਸੀ। ਅਧਿਕਾਰੀ ਇਸ ਨੂੰ ਦੁਨੀਆ ਦਾ ਸਭ ਤੋਂ ਪੁਰਾਣਾ ਵਿਗਿਆਨਕ ਚਿੜੀਆਘਰ ਮੰਨਦੇ ਹਨ। ਇਥੇ ਸਾਲਾਨਾ 10 ਲੱਖ ਤੋਂ ਜ਼ਿਆਦਾ ਲੋਕ ਆਉਂਦੇ ਹਨ। 2017 'ਚ ਇਥੇ ਐਨੀਮਲ ਐਡਵੈਂਚਰ ਸੈਕਸ਼ਨ ਵਿਚ ਅੱਗ ਲੱਗ ਗਈ ਸੀ ਜਿਸ ਨਾਲ ਬੜਾ ਨੁਕਸਾਨ ਹੋਇਆ ਸੀ।