ਲੰਡਨ (ਆਈਏਐੱਨਐੱਸ) : ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਹੈ ਕਿ ਬ੍ਰੈਗਜ਼ਿਟ ਪਿੱਛੋਂ ਬਰਤਾਨੀਆ ਆਉਣ ਲਈ ਯੂਰਪੀ ਸੰਘ (ਈਯੂ) ਦੇ ਲੋਕਾਂ ਨੂੰ ਵੀ ਪਹਿਲੇ ਇਲੈਕਟ੍ਰਾਨਿਕ ਮਨਜ਼ੂਰੀ ਲੈਣੀ ਹੋਵੇਗੀ। ਇਸ ਸਮੇਂ ਯੂਰਪੀ ਦੇਸ਼ਾਂ ਦੇ ਨਾਗਰਿਕਾਂ ਨੂੰ ਬਰਤਾਨੀਆ ਵਿਚ ਦਾਖ਼ਲੇ ਲਈ ਸਿਰਫ਼ ਪਛਾਣ ਪੱਤਰ ਦੀ ਲੋੜ ਹੁੰਦੀ ਹੈ। ਕੰਜ਼ਰਵੇਟਿਵ ਪਾਰਟੀ ਵੱਲੋਂ ਪ੍ਰਸਤਾਵਿਤ ਨਿਯਮਾਂ ਤਹਿਤ ਹੁਣ ਯਾਤਰਾ ਤੋਂ ਪਹਿਲੇ ਯੂਰਪੀ ਸੈਲਾਨੀਆਂ ਨੂੰ ਨਾ ਕੇਵਲ ਪਾਸਪੋਰਟ ਲੈਣਾ ਹੋਵੇਗਾ ਸਗੋਂ ਉਨ੍ਹਾਂ ਨੂੰ ਆਨਲਾਈਨ ਫਾਰਮ ਵੀ ਭਰਨਾ ਹੋਵੇਗਾ।

ਬਰਤਾਨੀਆ ਦੀ ਗ੍ਰਹਿ ਮੰਤਰੀ ਪਟੇਲ ਨੇ ਐਤਵਾਰ ਨੂੰ ਇਥੇ ਕਿਹਾ ਕਿ ਜਦੋਂ ਲੋਕਾਂ ਨੇ 2016 ਵਿਚ ਬ੍ਰੈਗਜ਼ਿਟ ਲਈ ਵੋਟਿੰਗ ਕੀਤੀ ਸੀ ਤਾਂ ਉਨ੍ਹਾਂ ਨੇ ਸਰਹੱਦਾਂ ਦਾ ਕੰਟਰੋਲ ਵਾਪਸ ਲੈਣ ਲਈ ਵੀ ਵੋਟ ਦਿੱਤਾ ਸੀ। ਬ੍ਰੈਗਜ਼ਿਟ ਪਿੱਛੋਂ ਅਸੀਂ ਆਸਟ੍ਰੇਲੀਆਈ ਸ਼ੈਲੀ ਤਹਿਤ ਅੰਕਾਂ 'ਤੇ ਆਧਾਰਤ ਇਮੀਗ੍ਰੇਸ਼ਨ ਪ੍ਰਣਾਲੀ ਸ਼ੁਰੂ ਕਰਾਂਗੇ ਅਤੇ ਬਰਤਾਨੀਆ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਬਾਰੇ ਵਿਚ ਕਦਮ ਉਠਾਵਾਂਗੇ। ਵੀਜ਼ੇ ਬਿਨਾਂ ਆਉਣ ਵਾਲੇ ਕਿਸੇ ਵੀ ਵਿਅਕਤੀ ਲਈ ਇਕ ਇਲੈਕਟ੍ਰਾਨਿਕ ਟ੍ਰੈਵਲ ਅਥਾਰਾਈਜੇਸ਼ਨ (ਈਟੀਏ) ਸਿਸਟਮ ਸ਼ੁਰੂ ਕੀਤਾ ਜਾਏਗਾ। ਇਸ ਪ੍ਰਣਾਲੀ ਵਿਚ ਸੈਲਾਨੀ ਆਪਣਾ ਵੇਰਵਾ ਆਨਲਾਈਨ ਭਰ ਸਕਾਂਗੇ। ਪ੍ਰਸਤਾਵਿਤ ਨਿਯਮਾਂ ਤਹਿਤ ਸੈਲਾਨੀਆਂ ਨੂੰ ਆਪਣੇ ਅਪਰਾਧਿਕ ਇਤਿਹਾਸ ਦੇ ਨਾਲ ਹੀ ਬਾਇਓ ਮੀਟਿ੍ਕ ਡਾਟਾ ਵੀ ਦੇਣਾ ਹੋਵੇਗਾ। ਜੇਕਰ ਇਹ ਨਵੇਂ ਨਿਯਮ ਲਾਗੂ ਹੁੰਦੇ ਹਨ ਤਾਂ ਬਰਤਾਨੀਆ ਵਿਚ ਦਾਖਲੇ ਲਈ ਯੂਰਪੀ ਆਈਡੀ-ਕਾਰਡ ਮੰਨਣਯੋਗ ਨਹੀਂ ਹੋਣਗੇ। ਕੰਜ਼ਰਵੇਟਿਵ ਪਾਰਟੀ ਦਾ ਇਹ ਐਲਾਨ ਵਿਰੋਧੀ ਲੇਬਰ ਪਾਰਟੀ ਦੇ ਮੁੱਖ ਆਗੂ ਜੈਰੇਮੀ ਕਾਰਬਿਨ ਦੇ ਉਸ ਬਿਆਨ ਪਿੱਛੋਂ ਆਇਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਯੂਰਪੀ ਲੋਕਾਂ ਦੇ ਦਾਖ਼ਲੇ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਉਣਾ ਸੰਭਵ ਨਹੀਂ ਹੋਵੇਗਾ ਕਿਉਂਕਿ ਬਰਤਾਨੀਆ ਅਤੇ ਯੂਰਪ ਦੇ ਲੋਕਾਂ ਵਿਚਕਾਰ ਪਰਿਵਾਰਕ ਸਬੰਧ ਹਨ।

ਟੀਵੀ ਬਹਿਸ 'ਚ ਬ੍ਰੈਗਜ਼ਿਟ 'ਤੇ ਭਿੜੇ ਨੇਤਾ

ਬਰਤਾਨੀਆ ਦੀਆਂ ਸਿਆਸੀ ਪਾਰਟੀਆਂ ਦੇ ਮੁੱਖ ਆਗੂ ਬ੍ਰੈਗਜ਼ਿਟ, ਰਾਸ਼ਟਰੀ ਸਿਹਤ ਸੇਵਾ ਅਤੇ ਅੱਤਵਾਦ 'ਤੇ ਬਣਾਏ ਜਾਣ ਵਾਲੇ ਕਾਨੂੰਨਾਂ ਨੂੰ ਲੈ ਕੇ ਟੀਵੀ ਬਹਿਸ ਦੌਰਾਨ ਭਿੜ ਗਏ। ਆਈਟੀਵੀ 'ਤੇ ਕਰਵਾਈ ਬਹਿਸ ਵਿਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਰਿਸ਼ੀ ਸੁਨਕ ਨੇ ਜਿਥੇ ਬ੍ਰੈਗਜ਼ਿਟ 'ਤੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ ਉੱਥੇ ਲੇਬਰ ਪਾਰਟੀ ਦੇ ਸਕੱਤਰ ਰਿਚਰਡ ਬਰਗਨ ਨੇ ਆਪਣੇ ਆਗੂ ਕਾਰਬਿਨ ਦੇ ਉਸ ਫ਼ੈਸਲੇ ਦਾ ਬਚਾਅ ਕੀਤਾ ਜਿਸ ਵਿਚ ਦੂਜੀ ਲੋਕਰਾਇ ਦੌਰਾਨ ਨਿਰਪੱਖ ਰਹਿਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਸਾਡੇ ਆਗੂ ਦੇਸ਼ ਨੂੰ ਇਕੱਠਾ ਕਰਨ ਲਈ ਦਿ੍ੜ੍ਹ ਸੰਕਲਪ ਹਨ ਪ੍ਰੰਤੂ ਇਸ ਦੀ ਵਰਤੋਂ ਵੋਟਾਂ ਲਈ ਨਹੀਂ ਹੋਣੀ ਚਾਹੀਦੀ। ਇਸ ਦੇ ਜਵਾਬ ਵਿਚ ਲਿਬਰਲ ਡੈਮੋਕ੍ਰੇਟਸ ਆਗੂ ਜੋ ਸਵਿਨਸਨ ਨੇ ਕਿਹਾ ਕਿ ਇਸ ਮੁੱਦੇ 'ਤੇ ਨਿਰਪੱਖ ਹੋਣਾ ਦਿਖਾਉਂਦਾ ਹੈ ਕਿ ਕਾਰਬਿਨ ਆਗੂ ਨਹੀਂ ਹਨ।