ਲੰਡਨ (ਪੀਟੀਆਈ) : ਆਸਟ੍ਰੀਆ 'ਚ ਹਵਾਈ ਅੱਡੇ 'ਤੇ ਇਕ ਮਹਿਲਾ ਸੁਰੱਖਿਆ ਮੁਲਾਜ਼ਮ ਨੇ ਇਕ ਸਿੱਖ ਮਨੁੱਖੀ ਅਧਿਕਾਰ ਵਰਕਰ ਦੀ ਪੱਗ ਦਾ ਮਜ਼ਾਕ ਬਣਾਉਂਦਿਆਂ ਉਸ 'ਤੇ ਨਸਲੀ ਟਿੱਪਣੀ ਕੀਤੀ।

ਮੀਡੀਆ ਰਿਪੋਰਟ ਮੁਤਾਬਕ ਪਿਛਲੇ ਸ਼ੁੱਕਰਵਾਰ ਨੂੰ ਬਰਤਾਨੀਆ ਵਾਪਸ ਪਰਤਦੇ ਸਮੇਂ ਵਿਆਨਾ ਕੌਮਾਂਤਰੀ ਹਵਾਈ ਅੱਡੇ 'ਤੇ ਇਕ ਮਹਿਲਾ ਸੁਰੱਖਿਆ ਮੁਲਾਜ਼ਮ ਨੇ ਰਵੀ ਸਿੰਘ ਦੀ ਪੱਗ ਦਾ ਮਜ਼ਾਕ ਬਣਾਉਂਦੇ ਹੋਏ ਕਿਹਾ ਕਿ ਉਸ 'ਚ ਧਮਾਕਾਖੇਜ਼ ਸਮੱਗਰੀ ਹੈ। ਰਵੀ ਇਰਾਕ 'ਚ ਅੱਤਵਾਦੀ ਜਮਾਤ ਆਈਐੱਸ ਦੇ ਚੁੰਗਲ 'ਚੋਂ ਯਜ਼ੀਦੀ ਔਰਤਾਂ ਨੂੰ ਛੁਡਾਉਣ 'ਚ ਮਦਦ ਕਰਨ ਵਾਲਿਆਂ 'ਚੋਂ ਇਕ ਹਨ। ਖ਼ਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਨੂੰ ਹਵਾਈ ਅੱਡੇ 'ਤੇ ਸੁਰੱਖਿਆ ਜਾਂਚ 'ਚੋਂ ਲੰਘਣ ਦੇ ਬਾਵਜੂਦ ਇਕ ਮਹਿਲਾ ਸੁਰੱਖਿਆ ਮੁਲਾਜ਼ਮ ਨੇ ਮੈਟਲ ਡਿਟੈਕਟਰ ਨਾਲ ਵੱਖ ਤੋਂ ਜਾਂਚ ਕੇ ਉਨ੍ਹਾਂ ਨੂੰ ਪੱਗ ਖੋਲ੍ਹਣ ਲਈ ਕਿਹਾ। ਇਸ 'ਤੇ ਸਿੰਘ ਨੇ ਪੁੱਛਿਆ ਕਿ ਕਿਉਂ ਤਾਂ ਜਵਾਬ ਮਿਲਿਆ ਕਿ ਉਸ 'ਚ ਧਮਾਕਾਖੇਜ਼ ਸਮੱਗਰੀ ਹੈ। ਅਪਮਾਨ ਤੋਂ ਨਾਰਾਜ਼ ਹੋਏ ਸਿੰਘ ਨੇ ਕਿਹਾ ਕਿ ਉਹ ਉਸ ਔਰਤ ਦੀ ਨੌਕਰੀ ਨਹੀਂ ਖੋਹਣਾ ਚਾਹੁੰਦੇ, ਪਰ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਹੋਏ ਦੁਰਵਿਹਾਰ ਲਈ ਉਨ੍ਹਾਂ ਤੋਂ ਮਾਫ਼ੀ ਮੰਗੀ ਜਾਵੇ। ਸਿੱਖ ਪ੍ਰੈੱਸ ਐਸੋਸੀਏਸ਼ਨ ਦੇ ਜਸਵੀਰ ਸਿੰਘ ਨੇ ਕਿਹਾ ਕਿ ਕਈ ਪੱਛਮੀ ਦੇਸ਼ਾਂ 'ਚ ਸਿੱਖਾਂ ਨੂੰ ਉਨ੍ਹਾਂ ਦੇ ਪਹਿਰਾਵੇ ਕਾਰਨ ਉਨ੍ਹਾਂ ਨੂੰ ਅੱਤਵਾਦੀ ਕਰਾਰ ਦੇ ਦਿੱਤਾ ਜਾਂਦਾ ਹੈ। ਅਜਿਹਾ ਲਗਦਾ ਹੈ ਕਿ ਰਵੀ ਸਿੰਘ ਵਾਂਗ ਹੀ ਸਾਂਵਲੇ ਰੰਗ ਤੇ ਸਿਰ 'ਤੇ ਪੱਗ ਬੰਨ੍ਹਣ ਵਾਲੇ ਕਿਸੇ ਵੀ ਵਿਅਕਤੀ 'ਤੇ ਅੱਤਵਾਦੀ ਹੋਣ ਦਾ ਠੱਪਾ ਲਗਾ ਦਿੱਤਾ ਜਾਂਦਾ ਹੈ ਤੇ ਉਸ ਨੂੰ ਨਸਲੀ ਟਿੱਪਣੀਆਂ ਤੇ ਦੁਰਵਿਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਬਾਅਦ ਵਿਆਨਾ ਹਵਾਈ ਅੱਡੇ ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਰਵੀ ਸਿੰਘ ਤੋਂ ਘਟਨਾ ਲਈ ਮਾਫ਼ੀ ਮੰਗੀ ਹੈ।