ਲੰਡਨ (ਰਾਇਟਰ) : ਬਰਤਾਨੀਆ 'ਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਸੋਮਵਾਰ ਨੂੰ ਮੰਤਰੀਆਂ ਦੀ ਬੈਠਕ 'ਚ ਸਾਫ਼ ਸੰਦੇਸ਼ ਦਿੱਤਾ ਕਿ ਬ੍ਰੈਗਜ਼ਿਟ ਮਸਲੇ 'ਤੇ ਸੰਸਦ 'ਚ ਸਰਕਾਰ ਦੀ ਹਾਰ ਹੁੰਦੀ ਹੈ ਤਾਂ ਉਹ ਮੱਧਕਾਲੀ ਚੋਣਾਂ ਕਰਵਾਉਣ 'ਤੇ ਵਿਚਾਰ ਕਰ ਸਕਦੇ ਹਨ। ਜੌਨਸਨ ਦਾ ਇਹ ਰੁਖ਼ ਵਿਰੋਧੀ ਧਿਰ ਦੀ ਬਿਨਾਂ ਸ਼ਰਤ ਬ੍ਰੈਗਜ਼ਿਟ ਰੋਕਣ ਦੀ ਮੁਹਿੰਮ ਨੂੰ ਵੇਖਦਿਆਂ ਸਾਹਮਣੇ ਆਇਆ ਹੈ। ਇਸ ਮੁਹਿੰਮ ਨੂੰ ਸੱਤਾ ਧਿਰ ਦੇ ਵੀ ਕੁਝ ਸੰਸਦ ਮੈਂਬਰਾਂ ਦੀ ਹਮਾਇਤ ਮਿਲ ਰਹੀ ਹੈ।

ਜੌਨਸਨ ਹਰ ਹਾਲ 'ਚ 31 ਅਕਤੂਬਰ ਨੂੰ ਯੂਰਪੀ ਯੂਨੀਅਨ ਨਾਲ ਸਬੰਧ ਤੋੜਨ ਦੇ ਐਲਾਨ ਦੇ ਨਾਲ ਜੁਲਾਈ 'ਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣੇ ਹਨ। ਪਰ ਬ੍ਰੈਗਜ਼ਿਟ ਨਾਲ ਸਬੰਧਤ ਸਰਕਾਰੀ ਮਤਾ ਤਿੰਨ ਵਾਰ ਅਸਵੀਕਾਰ ਕਰ ਚੁੱਕੀ ਸੰਸਦ ਜੌਨਸਨ ਦੇ ਨਾਲ ਵੀ ਆਉਂਦੀ ਨਹੀਂ ਦਿਸੀ। ਇਸ ਤੋਂ ਬਾਅਦ ਜੌਨਸਨ ਨੇ ਮਹਾਰਾਣੀ ਨੂੰ ਭਰੋਸੇ 'ਚ ਲੈ ਕੇ ਸੰਸਦ ਮੁਅੱਤਲ ਕਰਵਾ ਲਈ। ਜੌਨਸਨ ਚਾਹੁੰਦੇ ਹਨ ਕਿ 31 ਅਕਤੂਬਰ ਨੂੰ ਉਹ ਯੂਰਪੀ ਯੂਨੀਅਨ ਦਾ ਸਾਥ ਛੱਡ ਦੇਣ, ਬੇਸ਼ੱਕ ਹੀ ਇਹ ਸਭ ਬਿਨਾਂ ਸ਼ਰਤ ਹੋਵੇ। ਪਰ ਉਨ੍ਹਾਂ ਦਾ ਇਹ ਦਾਅ ਉਲਟਾ ਪੈਂਦਾ ਦਿਸ ਰਿਹਾ ਹੈ। ਬਿਨਾਂ ਸ਼ਰਤ ਬੈ੍ਗਜ਼ਿਟ ਦੀ ਵਿਰੋਧੀ ਲੇਬਰ ਪਾਰਟੀ, ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਕੁਝ ਸੰਸਦ ਮੈਂਬਰ ਤੇ ਬ੍ਰੈਗਜ਼ਿਟ ਵਿਰੋਧੀ ਸੰਸਦ ਮੈਂਬਰ ਇਕੱਠੇ ਹੋ ਗਏ ਹਨ। ਉਹ ਬਿਨਾਂ ਸ਼ਰਤ ਬ੍ਰੈਗਜ਼ਿਟ ਖ਼ਿਲਾਫ਼ ਮਤਾ ਪਾਸ ਕਰਨ ਦੀ ਗੱਲ ਕਹਿ ਰਹੇ ਹਨ, ਜਦਕਿ ਬਾਸ਼ਰਤ ਬ੍ਰੈਗਜ਼ਿਟ ਲਈ ਉਸ ਦੀ ਸੰਸਦ ਤੋਂ ਮਨਜ਼ੂਰੀ ਲੈਣੀ ਪਵੇਗੀ।

ਵਿਰੋਧੀ ਧਿਰ ਦੇ ਵਿਦਰੋਹੀ ਰੁਖ਼ ਕਾਰਨ ਬਰਤਾਨੀਆ 'ਚ ਬ੍ਰੈਗਜ਼ਿਟ ਦਾ ਮਸਲਾ ਠੰਢੇ ਬਸਤੇ 'ਚ ਪੈਂਦਾ ਦਿਸ ਰਿਹਾ ਹੈ। ਅਜਿਹੇ 'ਚ ਜੌਨਸਨ ਨੇ ਸੰਸਦ ਮੈਂਬਰਾਂ ਨੂੰ ਮੱਧਕਾਲੀ ਚੋਣਾਂ ਦਾ ਡਰ ਵਿਖਾਉਣ ਦਾ ਕੰਮ ਕੀਤਾ ਹੈ। ਜੌਨਸਨ ਦਾ ਕਹਿਣਾ ਹੈ ਕਿ ਬਿਨਾਂ ਬ੍ਰੈਗਜ਼ਿਟ ਦੇ ਮੱਧਕਾਲੀ ਚੋਣਾਂ ਹੋਈਆਂ ਤਾਂ ਜਨਤਾ ਵਿਦਰੋਹ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਮਾਫ਼ ਨਹੀਂ ਕਰੇਗੀ ਤੇ ਉਨ੍ਹਾਂ ਨੂੰ ਹਰਾਏਗੀ। ਜੌਨਸਨ ਦਾ ਅਨੁਮਾਨ ਹੈ ਕਿ ਇਹ ਡਰ ਕਈ ਸੰਸਦ ਮੈਂਬਰਾਂ ਨੂੰ ਪਿੱਛੇ ਹਟਣ ਲਈ ਮਜਬੂਰ ਕਰੇਗਾ। ਜਵਾਬ 'ਚ ਲੇਬਰ ਪਾਰਟੀ ਦੇ ਨੇਤਾ ਜਰਮੀ ਕਾਰਬਿਨ ਨੇ ਕਿਹਾ ਹੈ ਕਿ ਉਹ ਸਮੇਂ ਮੁਤਾਬਕ ਆਮ ਚੋਣਾਂ ਚਾਹੁੰਦੇ ਹਨ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਆਪਣੀ ਮਨਮਰਜ਼ੀ ਕਰੇ ਤੇ ਅਸੀਂ ਵੇਖਦੇ ਰਹੀਏ। ਕਾਰਬਿਨ ਨੇ ਸਾਫ਼ ਕਿਹਾ ਕਿ ਅਸੀਂ ਇਸੇ ਹਫ਼ਤੇ ਬਿਨਾਂ ਸ਼ਰਤ ਬ੍ਰੈਗਜ਼ਿਟ ਦਾ ਰਸਤਾ ਰੋਕਣ ਦਾ ਕੰਮ ਕਰਾਂਗੇ, ਇਹ ਸਾਡੇ ਲਈ ਦੇਸ਼ ਨੂੰ ਸੰਕਟ ਤੋਂ ਬਚਾਉਣ ਦਾ ਆਖ਼ਰੀ ਮੌਕਾ ਹੈ।