ਪੀਟੀਆਈ, ਲੰਡਨ : ਬਿ੍ਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਦੀਵਾਲੀ ਦਾ ਸੰਦੇਸ਼ ਹਨੇਰੇ 'ਤੇ ਚਾਨਣ ਦੀ ਜਿੱਤ ਦਾ ਅਤੇ ਬੁਰਾਈ 'ਤੇ ਅੱਛਾਈ ਦੀ ਜਿੱਤ ਦਾ ਹੈ। ਉਨ੍ਹਾਂ ਕਿਹਾ ਕਿ ਇਹ ਤਿਉਹਾਰ ਉਮੀਦਾਂ ਨਾਲ ਭਰਿਆ ਇਹ ਸੰਦੇਸ਼ ਵੀ ਦਿੰਦਾ ਹੈ ਕਿ ਅਸੀਂ ਕੋਰੋਨਾ ਮਹਾਮਾਰੀ 'ਤੇ ਜਿੱਤ ਪ੍ਰਾਪਤ ਕਰਾਂਗੇ। ਉਨ੍ਹਾਂ ਨੇ ਕੋਰੋਨਾ ਇਨਫੈਕਸ਼ਨ ਨੂੰ ਰੋਕਣ ਲਈ ਦੇਸ਼ਵਾਸੀਆਂ ਤੋਂ ਸਮੂਹਿਕ ਯਤਨ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਦੂਜੇ ਦੌਰ ਦੇ ਇਨਫੈਕਸ਼ਨ ਨੂੰ ਦੇਖਦੇ ਹੋਏ ਇੰਗਲੈਂਡ ਵਿਚ ਦੋ ਦਸੰਬਰ ਤਕ ਲਾਕਡਾਊਨ ਦਾ ਇਕ ਵਾਰ ਫਿਰ ਤੋਂ ਐਲਾਨ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਜੌਨਸਨ ਨੇ ਲੰਡਨ ਸਥਿਤ 10-ਡਾਊਨਿੰਗ ਸਟ੍ਰੀਟ ਤੋਂ ਜਾਰੀ ਆਪਣੇ ਸੰਦੇਸ਼ ਵਿਚ ਕਿਹਾ ਕਿ ਨਿਸ਼ਚਿਤ ਰੂਪ ਤੋਂ ਅੱਗੇ ਵੱਡੀਆਂ ਚੁਣੌਤੀਆਂ ਹਨ। ਹਾਲਾਂਕਿ ਸਰਕਾਰ ਨੂੰ ਲੋਕਾਂ ਦੀ ਸੰਕਲਪ ਸ਼ਕਤੀ, ਉਨ੍ਹਾਂ ਦੀ ਲੜਨ ਦੀ ਸਮਰੱਥਾ ਅਤੇ ਉਨ੍ਹਾਂ ਦੀ ਸਮਝਦਾਰੀ 'ਤੇ ਪੂਰਾ ਭਰੋਸਾ ਹੈ ਕਿ ਅਸੀਂ ਇਸ ਬਿਮਾਰੀ 'ਤੇ ਕਾਬੂ ਪਾ ਲਵਾਂਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਗਵਾਨ ਰਾਮ ਲੰਕਾ ਦੇ ਰਾਜਾ ਰਾਵਣ ਨੂੰ ਹਰਾ ਕੇ ਪਰਤੇ ਸਨ ਤਾਂ ਲੱਖਾਂ ਦੀਵਿਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ, ਠੀਕ ਉਸੇ ਤਰ੍ਹਾਂ ਇਸ ਦੀਵਾਲੀ ਅਸੀਂ ਲੋਕ ਵੀ ਕੋਰੋਨਾ ਮਹਾਮਾਰੀ ਵਿਚ ਆਪਣਾ ਰਸਤਾ ਬਣਾਵਾਂਗੇ ਅਤੇ ਇਸ ਬਿਮਾਰੀ ਖ਼ਿਲਾਫ਼ ਜਿੱਤ ਹਾਸਲ ਕਰਾਂਗੇ।

ਪ੍ਰਧਾਨ ਮੰਤਰੀ ਜੌਨਸਨ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮੁਸ਼ਕਲ ਸਮੇਂ ਵਿਚ ਭਾਰਤੀ ਮੂਲ ਦੇ ਲੋਕਾਂ ਨੇ ਸੁਰੱਖਿਅਤ ਦੀਵਾਲੀ ਮਨਾਉਣ ਲਈ ਕਾਫ਼ੀ ਤਿਆਗ ਕੀਤਾ ਹੈ ਅਤੇ ਇਸ ਬਿਮਾਰੀ ਨਾਲ ਲੜਨ ਵਿਚ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਹੈ। ਆਨਲਾਈਨ ਦੀਵਾਲੀ ਦੀ ਤਾਰੀਫ਼ ਕਰਦੇ ਹੋਏ ਜੌਨਸਨ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਦੂਰੀਆਂ ਦਾ ਪਾਲਣ ਕਰ ਕੇ ਤਿਉਹਾਰ ਮਨਾਉਣਾ ਆਸਾਨ ਨਹੀਂ ਹੈ। ਜੌਨਸਨ ਨੇ ਭਾਰਤੀਆਂ ਦੇ ਤਿਆਗ ਅਤੇ ਸੰਕਲਪ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਯਤਨ ਸ਼ਲਾਘਾਯੋਗ ਹਨ।