ਮੈਡਰਿਡ (ਰਾਇਟਰ) : ਸਪੇਨ 'ਚ ਵੀਰਵਾਰ ਸਵੇਰੇ ਬੇਹੱਦ ਗੁਪਤ ਤਰੀਕੇ ਨਾਲ ਸਾਬਕਾ ਤਾਨਾਸ਼ਾਹ ਜਨਰਲ ਫਰਾਂਸਿਸਕੋ ਫ੍ਰੈਂਕੋ ਦੇ ਪਥਰਾਟ ਸਰਕਾਰ ਕਬਰਗਾਹ 'ਚੋਂ ਪੁੱਟ ਕੇ ਬਾਹਰ ਕੱਢੇ ਗਏ। ਸਖ਼ਤ ਸੁਰੱਖਿਆ ਦਰਮਿਆਨ ਹੋਈ ਇਸ ਪ੍ਰਕਿਰਿਆ 'ਚ ਇਕ ਪਾਦਰੀ, ਫੋਰੈਂਸਿਕ ਮਾਹਿਰ, ਨਿਆਂ ਮੰਤਰੀ ਡੋਲੋਰੇਸ ਡੇਲਗਾਦੋ ਤੇ ਫ੍ਰੈਂਕੋ ਦੇ ਪਰਿਵਾਰ ਦੇ 22 ਲੋਕ ਮੌਜੂਦ ਸਨ। ਵੈਲੀ ਆਫ ਦਿ ਫਾਲੇਨ ਸਮਾਰਕ 'ਚੋਂ ਕੱਢੇ ਜਾਣ ਮਗਰੋਂ ਫ੍ਰੈਂਕੋ ਦੇ ਪਥਰਾਟ ਮਿੰਗੋਰੂਬੀਓ ਕਬਰਸਤਾਨ 'ਚ ਉਨ੍ਹਾਂ ਦੀ ਪਤਨੀ ਦੀ ਕਬਰ ਦੇ ਨਾਲ ਹੀ ਦਫ਼ਨਾਏ ਗਏ। ਇਸ ਦੌਰਾਨ ਉਨ੍ਹਾਂ ਦੇ ਸਹਿਯੋਗੀਆਂ ਨੇ ਫੈ੍ਂਕੋ ਅਮਰ ਰਹਿਣ ਦੇ ਨਾਅਰੇ ਵੀ ਲਗਾਏ।

ਦੇਸ਼ ਦੀ ਸੋਸ਼ਲਿਸਟ ਸਰਕਾਰ ਲੰਬੇ ਸਮੇਂ ਤੋਂ ਫ੍ਰੈਂਕੋ ਦੀ ਕਬਰ ਨੂੰ ਉਸ ਸਮਾਰਕ 'ਚੋਂ ਕੱਢਣ ਦੀ ਕੋਸ਼ਿਸ਼ 'ਚ ਸੀ, ਜਿਸ ਨੂੰ ਉਨ੍ਹਾਂ ਦੇ ਆਦੇਸ਼ 'ਤੇ ਹੀ ਬਣਵਾਇਆ ਗਿਆ ਸੀ। ਹਾਲੀਆ ਹੀ 'ਚ ਸੱਤਾਧਾਰੀ ਪਾਰਟੀ ਨੇ ਇਸਦੇ ਲਈ ਸੰਸਦ ਤੋਂ ਵੀ ਇਜਾਜ਼ਤ ਲੈ ਲਈ ਸੀ। 1939 ਤੋਂ 1975 ਦਰਮਿਆਨ ਸਪੇਨ 'ਤੇ ਸ਼ਾਸਨ ਕਰਨ ਵਾਲੇ ਫ੍ਰੈਂਕੋ ਦੇ ਪਰਿਵਾਰ ਨੇ ਇਸ 'ਤੇ ਨਰਾਜ਼ਗੀ ਪ੍ਰਗਟਾਈ ਹੈ। ਉਨ੍ਹਾਂ ਨੇ ਇਸਦੇ ਖ਼ਿਲਾਫ਼ ਸੁਪਰੀਮ ਕੋਰਟ 'ਚ ਪਟੀਸ਼ਨ ਵੀ ਦਿੱਤੀ ਸੀ, ਜਿਸ ਨੂੰ ਖ਼ਾਰਜ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਪੋਤੇ ਨੇ ਕਿਹਾ ਕਿ ਸਰਕਾਰ ਆਉਣ ਵਾਲੀਆਂ ਚੋਣਾਂ 'ਚ ਥੋੜ੍ਹੇ ਜਿਹੇ ਵੋਟ ਹਾਸਲ ਕਰਨ ਲਈ ਇਹ ਸਭ ਕਰ ਰਹੀ ਹੈ। ਸਪੇਨ ਦੇ ਲੋਕਾਂ 'ਚ ਵੀ ਇਸ ਨੂੰ ਲੈ ਕੇ ਮਤਭੇਦ ਹੈ। 43 ਫ਼ੀਸਦੀ ਲੋਕ ਜਿੱਥੇ ਇਸ ਦੇ ਸਮਰਥਨ 'ਚ ਸਨ ਉੱਥੇ 32.5 ਫ਼ੀਸਦੀ ਲੋਕਾਂ ਨੇ ਇਸ ਦਾ ਵਿਰੋਧ ਪ੍ਰਗਟਾਇਆ। ਕੁਝ ਲੋਕਾਂ ਨੇ ਵੈਲੀ ਆਫ ਦਿ ਫਾਲੇਨ 'ਚ ਤਾਨਾਸ਼ਾਹ ਨੂੰ ਦਫ਼ਨਾਏ ਜਾਣ 'ਤੇ ਸਵਾਲ ਉਠਾਇਆ। ਸਾਲ 1936 ਤੋਂ 1939 ਤਕ ਚੱਲੀ ਖਾਨਾਜੰਗੀ 'ਚ ਫੈ੍ਂਕੋ ਨੇ ਹਿਟਰਲ ਤੇ ਮੁਸੋਲੀਨੀ ਵੱਲੋਂ ਸਮਰਥਿਤ ਵਿਦਰੋਹੀਆਂ ਦੀ ਅਗਵਾਈ ਕੀਤੀ ਸੀ। 1939 'ਚ ਉਨ੍ਹਾਂ ਨੇ ਸਪੇਨ ਦੀ ਸੱਤਾ ਹਾਸਲ ਕੀਤੀ ਤੇ 1975 'ਚ ਆਪਣੀ ਮੌਤ ਤਕ ਉਸ 'ਤੇ ਕਾਬਿਜ਼ ਰਹੇ। ਵੈਲੀ ਆਫ ਫਾਲੇਨ 'ਚ ਉਨ੍ਹਾਂ ਦੀ ਕਬਰ ਦੇ ਬਗਲ 'ਚ ਖਾਨਾਜੰਗੀ 'ਚ ਮਾਰੇ ਗਏ ਹੋਰਨਾਂ ਲੜਾਕਿਆਂ ਦੀਆਂ ਵੀ ਲਾਸ਼ਾਂ ਦਫ਼ਨਾਈਆਂ ਗਈਆਂ ਸਨ।