ਲੰਡਨ : Kinder Joy ਉਤਪਾਦ ਦੁਨੀਆ ਭਰ ਦੇ ਬੱਚਿਆਂ 'ਚ ਬਹੁਤ ਮਸ਼ਹੂਰ ਹਨ। ਇਨ੍ਹਾਂ ਉਤਪਾਦਾਂ ਨੂੰ ਬਣਾਉਣ ਵਾਲੀ ਕੰਪਨੀ Ferrero ਨੇ ਆਪਣੇ ਇਕ ਪ੍ਰੋਡਕਟ ਨੂੰ ਸਿਹਤ ਲਈ ਸੁਰੱਖਿਅਤ ਨਾ ਪਾਏ ਜਾਣ 'ਤੇ ਬਾਜ਼ਾਰ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਦਰਅਸਲ, ਯੂਕੇ ਦੀ ਫੂਡ ਸੇਫਟੀ ਏਜੰਸੀ (FSA) ਨੇ ਖਪਤਕਾਰਾਂ ਨੂੰ ਕਿੰਡਰ ਬ੍ਰਾਂਡ ਦੇ ਕੁਝ ਉਤਪਾਦਾਂ ਦੀ ਵਰਤੋਂ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ। FSA ਨੇ ਕਿੰਡਰ ਦੇ ਭੋਜਨ ਉਤਪਾਦਾਂ ਤੇ ਸਾਲਮੋਨੇਲਾ ਦੀ ਲਾਗ ਦੇ ਫੈਲਣ ਦੇ ਵਿਚਕਾਰ ਸਬੰਧ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ।

UKHSA ਤੇ ਯੂਰਪ 'ਚ ਕੁਝ ਹੋਰ ਸਿਹਤ ਏਜੰਸੀਆਂ ਵੱਲੋਂ ਕੀਤੀ ਗਈ ਜਾਂਚ 'ਚ ਕੰਪਨੀ ਦੇ ਉਤਪਾਦਾਂ ਤੇ ਯੂਕੇ 'ਚ ਫੈਲ ਰਹੇ ਸਾਲਮੋਨੇਲਾ ਦੀ ਲਾਗ ਵਿਚਕਾਰ ਸਬੰਧ ਪਾਇਆ ਗਿਆ ਹੈ। ਇਸ ਸਬੰਧੀ ਫਰੈਰੋ ਕੰਪਨੀ ਨੇ ਇਹਤਿਆਤ ਵਜੋਂ ਆਪਣਾ ਉਤਪਾਦ ਵਾਪਸ ਲੈ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ। ਵਾਪਸ ਲਿਆ ਜਾਣ ਵਾਲਾ ਪ੍ਰੋਡਕਟ ਉਸੇ ਫੈਕਟਰੀ 'ਚ ਬਣਿਆ ਹੈ ਤੇ ਕਿੰਡਰ ਦੇ ਬਾਕੀ ਉਤਪਾਦ ਫਿਲਹਾਲ ਇਸ ਤੋਂ ਪ੍ਰਭਾਵਿਤ ਨਹੀਂ ਪਾਏ ਗਏ ਹਨ।

ਕਿੰਡਰ ਜੁਆਇ ਉਤਪਾਦ ਨਿਰਮਾਤਾ ਫਰੈਰੋ ਨੇ ਆਪਣੇ ਉਤਪਾਦ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਸਾਲਮੋਨੇਲਾ ਦੇ ਇਨਫੈਕਟਿਡ ਹੋਣ ਦੀ ਸੰਭਾਵਨਾ ਕਾਰਨ ਆਪਣੇ ਉਤਪਾਦ ਕਿੰਡਰ ਸਰਪ੍ਰਾਈਜ਼ ਦੇ ਕੁਝ ਬੈਚਾਂ ਨੂੰ ਵਾਪਸ ਬੁਲਾ ਰਹੀ ਹੈ। ਕੰਪਨੀ ਅਨੁਸਾਰ ਕਿੰਡਰ ਸਰਪ੍ਰਾਈਜ਼ ਦੇ ਜਿਨ੍ਹਾਂ 20 ਗ੍ਰਾਮ ਦੇ ਪੈਕੇਟ 'ਤੇ ਬੈਸਟ ਬੀਫੋਰ ਦੀ ਤਰੀਕ 11 ਜੁਲਾਈ 2022 ਤੇ 7 ਅਕਤੂਬਰ ੨੦੨੨ ਦੇ ਵਿਚਕਾਰ ਦੀ ਹੈ, ਸਿਰਫ਼ ਉਸੇ ਨੂੰ ਵਾਪਸ ਲਿਆ ਜਾ ਰਿਹਾ ਹੈ।

ਖਰੀਦੇ ਹੋਏ ਉਤਪਾਦ ਦਾ ਕੀ ਕਰੀਏ ?

ਕਿੰਡਰ ਸਰਪ੍ਰਾਈਜ਼ ਬਾਰੇ ਕੰਪਨੀ ਨੇ ਦੱਸਿਆ ਹੈ ਕਿ ਜੇਕਰ ਤੁਸੀਂ ਪ੍ਰੋਡਕਟ ਖਰੀਦਿਆ ਹੈ ਤਾਂ ਤੁਸੀਂ ਇਸ ਨੂੰ ਨਾ ਖਾਓ, ਇਸ ਬਾਰੇ Ferrero Consumer Careline 'ਤੇ ਸੰਪਰਕ ਕਰ ਕੇ ਤੁਸੀਂ ਆਪਣੇ ਪੈਸੇ ਵਾਪਸ ਲੈ ਸਕਦੇ ਹੋ।

ਪੇਰੈਂਟ ਕੰਪਨੀ Ferrero ਨੇ ਦੱਸਿਆ ਕਿ ਜਨਤਾ ਨੂੰ ਜਾਣਕਾਰੀ ਦੇਣ ਲਈ ਰਿਟੇਲ ਸਟੋਰ 'ਚ ਉਤਪਾਦ ਬਾਰੇ ਨੋਟਿਸ ਲਗਾਏ ਜਾਣਗੇ। ਨੋਟਿਸ 'ਚ ਦੱਸਿਆ ਜਾਵੇਗਾ ਕਿ ਉਤਪਾਦਾਂ ਨੂੰ ਕਿਉਂ ਵਾਪਸ ਲਿਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾਵੇਗਾ ਕਿ ਜੇਕਰ ਤੁਸੀਂ ਇਨ੍ਹਾਂ ਉਤਪਾਦਾਂ ਨੂੰ ਖਰੀਦ ਚੁੱਕੇ ਹੋ ਤਾਂ ਉਨ੍ਹਾਂ ਨੇ ਅੱਗੇ ਕੀ-ਕੀ ਕਰਨਾ ਹੈ।

ਜਾਣੋ ਕੀ ਹਨ ਲੱਛਣ ਤੇ ਸਾਲਮੋਨੇਲਾ ਨੂੰ ਕਿਵੇਂ ਰੋਕਿਆ ਜਾਵੇ?

ਮਾਹਿਰਾਂ ਮੁਤਾਬਕ ਸਾਲਮੋਨੇਲਾ ਇਨਫੈਕਸ਼ਨ ਕੱਚੇ ਮੀਟ, ਪਾਸਚੇਸਾਈਜ਼ ਦੁੱਧ, ਅੰਡੇ, ਬੀਫ ਜਾਂ ਇਸ ਤੋਂ ਬਣੀਆਂ ਚੀਜ਼ਾਂ ਨਾਲ ਫੈਲਦੀ ਹੈ। ਇਸ ਤੋਂ ਇਲਾਵਾ, ਤੁਸੀਂ ਸਾਲਮੋਨੇਲਾ ਨਾਲ ਦੂਸ਼ਿਤ ਪਾਣੀ ਜਾਂ ਭੋਜਨ ਦਾ ਸੇਵਨ ਕਰਨ 'ਤੇ ਵੀ ਇਸ ਬੈਕਟੀਰੀਆ ਤੋਂ ਸੰਕਰਮਿਤ ਹੋ ਸਕਦੇ ਹੋ। ਇਹ ਬੈਕਟੀਰੀਆ ਛੋਟੇ ਬੱਚਿਆਂ, ਬਜ਼ੁਰਗਾਂ ਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਲਈ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦੇ ਹਨ। ਇਸ ਦੀ ਲਾਗ ਆਮ ਤੌਰ 'ਤੇ 4 ਤੋਂ 7 ਦਿਨਾਂ ਤਕ ਰਹਿੰਦੀ ਹੈ। ਲੱਛਣਾਂ ਦੀ ਗੱਲ ਕਰੀਏ ਤਾਂ ਇਸ ਵਿਚ ਵਿਅਕਤੀ ਨੂੰ ਪੇਟ ਦਰਦ, ਜੀਅ ਮਿਚਲਾਉਣਾ, ਉਲਟੀਆਂ ਆਉਣਾ, ਦਸਤ, ਬੁਖਾਰ ਆਦਿ ਹੋ ਸਕਦੇ ਹਨ।

Posted By: Seema Anand