ਲੰਡਨ (ਏਜੰਸੀ) : ਡੇਢ ਸਾਲ ਪਹਿਲਾਂ ਕੋਰੋਨਾ ਵਾਇਰਸ ਮਹਾਮਾਰੀ ਦੇ ਮਾਮਲੇ 'ਚ ਲੈਬ ਲੀਕ ਥਿਓਰੀ ਨੂੰ ਸਿਰੇ ਤੋਂ ਖਾਰਜ ਕਰਨ ਵਾਲੀ ਵਿਗਿਆਨ ਪੱਤਿ੍ਕਾ ਲੈਂਸੇਟ ਨੇ ਯੂ-ਟਰਨ ਲੈ ਲਿਆ ਹੈ। ਹੁਣ ਲੈਂਸੇਟ ਨੇ 16 ਕੌਮਾਂਤਰੀ ਵਿਗਿਆਨੀਆਂ ਦੇ ਹਵਾਲੇ ਨਾਲ ਖੁੱਲ੍ਹਾ ਪੱਤਰ ਛਾਪ ਕੇ ਵਾਇਰਸ ਦੀ ਪੈਦਾਇਸ਼ ਦੇ ਮਾਮਲੇ 'ਚ ਪਾਰਦਰਸ਼ੀ ਤੇ ਉਦੇਸ਼ਪੂਰਨ ਵਿਚਾਰ ਵਟਾਂਦਰੇ ਦੀ ਪੈਰਵੀ ਕੀਤੀ ਹੈ। ਅਸੀਂ ਇਸ ਵਾਇਰਸ ਦੇ ਫੈਲਣ ਪਿੱਛੇ ਸਾਜ਼ਿਸ਼ ਦੀ ਗੱਲ ਦਾ ਖੰਡਨ ਕਰਦੇ ਹਾਂ। ਹਾਲਾਂਕਿ ਇਸ ਵਾਇਰਸ ਦੀ ਕੁਦਰਤੀ ਉਤਪੱਤੀ ਦਾ ਸਿੱਧਾ ਸਬੂਤ ਨਹੀਂ ਮਿਲਿਆ ਤੇ ਲੈਬੋਰਟਰੀ ਤੋਂ ਇਸ ਦੇ ਲੀਕ ਹੋਣ ਦਾ ਖ਼ਦਸ਼ੇ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ।

ਕੋਰੋਨਾ ਮਹਾਮਾਰੀ ਫੈਲਣ ਦੇ ਕੁਝ ਸਮੇਂ ਬਾਅਦ ਤੋਂ ਹੀ ਵਿਗਿਆਨੀਆਂ ਦਾ ਇਕ ਵਰਗ ਇਸ ਨੂੰ ਕੁਦਰਤੀ ਮੰਨਣ ਤੋਂ ਇਨਕਾਰ ਕਰਦਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦਾ ਕਾਰਨ ਬਣਿਆ ਸਾਰਸ-ਕੋਵੀ-2 ਵਾਇਰਸ ਚੀਨ ਦੀ ਵੁਹਾਨ ਸਥਿਤ ਵਾਇਰੋਲਾਜੀ ਲੈਬ 'ਚ ਬਣਿਆ ਤੇ ਉੱਥੋਂ ਹੀ ਲੀਕ ਹੋਇਆ ਹੈ। ਲੈਂਸੇਟ ਨੇ ਫਰਵਰੀ, 2020 'ਚ ਇਕ ਖੁੱਲ੍ਹਾ ਪੱਤਰ ਪ੍ਰਕਾਸ਼ਿਤ ਕਰਕੇ ਲੈਬ ਲੀਕ ਦੀ ਇਸ ਥਿਓਰੀ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਸੀ। ਇਸ 'ਚ ਵਿਗਿਆਨੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਸੀ ਕਿ ਵਾਇਰਸ ਦੇ ਕੁਦਰਤੀ ਹੋਣ 'ਤੇ ਕੋਈ ਸ਼ੱਕ ਨਹੀਂ ਹੈ। ਵਿਗਿਆਨ ਪੱਤਿ੍ਕਾ ਦੇ ਇਕ ਖੁੱਲ੍ਹੇ ਪੱਤਰ ਤੋਂ ਚੀਨ ਨੂੰ ਬਹੁਤ ਮਦਦ ਮਿਲੀ ਸੀ। ਹਾਲਾਂਕਿ ਬਾਅਦ 'ਚ ਪਤਾ ਲੱਗਿਆ ਕਿ ਇਸ ਓਪਨ ਲੈਟਰ ਪਿੱਛੇ ਮੁੱਖ ਭੂਮਿਕਾ ਨਿਭਾਉਣ ਵਾਲੇ ਬਰਤਾਨਵੀ ਵਿਗਿਆਨੀ ਪੀਟਰ ਡੈਸਜੈਕ ਅਸਲ 'ਚ ਅਮਰੀਕਾ ਦੀ ਗ਼ੈਰ ਲਾਭਕਾਰੀ ਸੰਸਥਾ ਈਕੋ ਹੈਲਥ ਅਲਾਇੰਸ ਦੇ ਮੁਖੀ ਹਨ, ਜਿਸ ਦਾ ਚੀਨ ਨਾਲ ਸਿੱਧਾ ਸੰਬਧ ਹੈ। ਇਸ ਸੰਸਥਾ ਨੇ ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ 'ਚ ਰਿਸਰਚ ਦੀ ਫੰਡਿੰਗ ਵੀ ਕੀਤੀ ਸੀ। ਪੀਟਰ ਡੈਸਜੈਕ ਦਾ ਇਹ ਸੱਚ ਸਾਹਮਣੇ ਆਉਣ ਤੋਂ ਬਾਅਦ ਉਸ ਖੁੱਲ੍ਹੇ ਪੱਤਰ ਲਈ ਲੈਂਸੇਟ ਨੂੰ ਬਹੁਤ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਾ।

ਹੁਣ ਡੇਢ ਸਾਲ ਬਾਅਦ ਲੈਂਸੇਟ ਨੇ ਇਸ ਤੋਂ ਉਲਟ ਓਪਨ ਲੈਟਰ ਛਾਪ ਕੇ ਆਪਣੀ ਗ਼ਲਤੀ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਆਸਟ੍ਰੇਲੀਆ ਦੀ ਫਲਿੰਡਰਸ ਯੂਨੀਵਰਸਿਟੀ ਦੇ ਨਿਕੋਲ ਪੈਟ੍ਰੋਵਸਕੀ ਨੇ ਕਿਹਾ ਕਿ ਇਹ ਬੇਸ਼ੱਕ ਇਕ ਛੋਟਾ ਕਦਮ ਲੱਗੇ, ਪਰ 18 ਮਹੀਨਿਆਂ ਤਕ ਖਾਰਜ ਕਰਦੇ-ਕਰਦੇ ਹੁਣ ਵਾਇਰਸ ਦੀ ਪੈਦਾਇਸ਼ ਦੀ ਖੁੱਲ੍ਹੀ ਜਾਂਚ ਦੀ ਪੈਰਵੀ ਵੱਡੀ ਗੱਲ ਹੈ। ਲੈਂਸੇਟ ਵਰਗੀ ਪੱਤਿ੍ਕਾ ਦਾ ਅਜਿਹੇ ਵਿਗਿਆਨੀਆਂ ਦਾ ਲੇਖ ਛਾਪਣਾ ਇਹ ਦਿਖਾਉਂਦਾ ਹੈ ਕਿ ਅਸੀਂ ਇਸ ਡੇਢ ਸਾਲ 'ਚ ਕਿੰਨਾ ਸਫ਼ਰ ਤੈਅ ਕੀਤਾ ਹੈ ਅਜੇ ਬਹੁਤ ਸਫਰ ਬਾਕੀ ਹੈ।

ਡਬਲਯੂਐੱਚਓ ਨੇ ਵੀ ਕੀਤੀ ਹੈ ਜਾਂਚ ਦੀ ਪੈਰਵੀ

ਚੀਨ ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਪਹਿਲੀ ਸਾਂਝੀ ਜਾਂਚ 'ਚ ਵਾਇਰਸ ਦੇ ਲੈਬੋਰਟਰੀ 'ਚ ਬਣੇ ਹੋਣ ਦੀ ਗੱਲ ਨੂੰ ਖਾਰਜ ਕੀਤਾ ਗਿਆ ਸੀ, ਪਰ ਡਬਲਯੂਐੱਚਓ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਧਨੋਮ ਘੇਬਰੇਸਸ ਨੇ ਕਿਾਹ ਸੀ ਕਿ ਲੈਬ ਲੀਕ ਸਮੇਤ ਸਾਰੀਆਂ ਗੱਲਾਂ ਦੀ ਹੋਂਦ ਹੈ। ਉਨ੍ਹਾਂ ਨੇ ਮੁੜ ਜਾਂਚ ਦੀ ਪੈਰਵੀ ਕੀਤੀ ਸੀ। ਇਸ 'ਚ ਕੌਮਾਂਤਰੀ ਵਿਗਿਆਨੀਆਂ ਦੀ ਟੀਮ ਨੂੰ ਵੁਹਾਨ ਲੈਬ 'ਚ ਬਗ਼ੈਰ ਰੋਕ-ਟੋਕ ਖੁੱਲ੍ਹ ਕੇ ਜਾਂਚ ਲਈ ਚੀਨ ਨੂੰ ਇਜਾਜ਼ਤ ਦੇਣ ਲਈ ਕਿਹਾ ਗਿਆ ਸੀ। ਹਾਲਾਂਕਿ ਚੀਨ ਨੇ ਡਬਲਯੂਐੱਚਓ 'ਤੇ ਵੀ ਦੰਭੀ ਹੋਣ ਦਾ ਦੋਸ਼ ਲਗਾਉਂਦੇ ਹੋਏ ਮੁੜ ਜਾਂਚ ਦੀ ਇਜਾਜ਼ਤ ਤੋਂ ਇਨਕਾਰ ਕਰ ਦਿੱਤਾ ਸੀ।