ਲੰਡਨ, ਏਐਨਆਈ : ਬੇਭਰੋਸਗੀ ਮਤਾ ਹਾਰਨ ਤੋਂ ਬਾਅਦ ਇਮਰਾਨ ਖ਼ਾਨ ਦੇ ਹੱਥੋਂ ਸੱਤਾ ਚਲੀ ਗਈ ਹੈ। ਦੇਸ਼ ਵਿੱਚ ਇਮਰਾਨ ਖਾਨ ਦੀ ਸਰਕਾਰ ਡਿੱਗ ਚੁੱਕੀ ਹੈ। ਇਸ ਸਿਆਸੀ ਉਥਲ-ਪੁਥਲ ਵਿਚਾਲੇ ਲੰਡਨ 'ਚ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਸਮਰਥਕਾਂ ਵਿਚਾਲੇ ਜ਼ਬਰਦਸਤ ਝੜਪ ਹੋ ਗਈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਰਿਹਾਇਸ਼ ਐਵਨਫੀਲਡ ਫਲੈਟਾਂ ਦੇ ਬਾਹਰ ਦੋਵਾਂ ਪਾਰਟੀਆਂ ਦੇ ਸਮਰਥਕਾਂ ਨੇ ਵਿਰੋਧੀ ਲੀਡਰਸ਼ਿਪ ਖਿਲਾਫ ਗਾਲੀ-ਗਲੋਚ ਅਤੇ ਨਾਅਰੇਬਾਜ਼ੀ ਕੀਤੀ।

ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਸਰਕਾਰ ਡਿੱਗ ਚੁੱਕੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੀ ਸਰਕਾਰ ਡਿੱਗਣ ਤੇ ਪ੍ਰਧਾਨ ਮੰਤਰੀ ਅਹੁਦੇ ਤੋਂ ਇਮਰਾਨ ਖ਼ਾਨ ਨੂੰ ਹਟਾਏ ਜਾਣ ਤੋਂ ਬਾਅਦ ਨਾਰਾਜ਼ ਪੀਟੀਆਈ ਕਾਰਕੁਨਾਂ ਨੇ ਐਤਵਾਰ ਨੂੰ ਲੰਡਨ ਵਿੱਚ ਨਵਾਜ਼ ਸ਼ਰੀਫ਼ ਦੀ ਰਿਹਾਇਸ਼ 'ਤੇ ਧਰਨਾ ਦਿੱਤਾ। ਪ੍ਰਦਰਸ਼ਨ ਦੌਰਾਨ ਪਾਕਿਸਤਾਨ ਦਾ ਝੰਡਾ ਫੜ ਕੇ ਪੀਟੀਆਈ ਵਰਕਰਾਂ ਨੇ ਪੀਐੱਮ ਨੂੰ ਹਟਾਉਣ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ।

ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਕਾਰਕੁਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲਐੱਨ) ਦੇ ਸਮਰਥਕ ਵੀ ਪਾਰਟੀ ਸੁਪਰੀਮੋ ਨਵਾਜ਼ ਸ਼ਰੀਫ ਨਾਲ ਇਕਜੁੱਟਤਾ ਦਿਖਾਉਣ ਲਈ ਐਵੇਨਫੀਲਡ ਫਲੈਟਾਂ 'ਤੇ ਪਹੁੰਚੇ, ਜਿੱਥੇ ਉਨ੍ਹਾਂ ਦੀ ਪੀਟੀਆਈ ਵਰਕਰਾਂ ਨਾਲ ਝੜਪ ਸ਼ੁਰੂ ਹੋ ਗਈ। ਦੋਵਾਂ ਧੜਿਆਂ ਵਿਚਾਲੇ ਕਾਫੀ ਦੇਰ ਤੱਕ ਨਾਅਰੇਬਾਜ਼ੀ ਤੇ ਧਰਨਾ ਜਾਰੀ ਰਿਹਾ।

ਦੱਸ ਦੇਈਏ ਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲਐੱਨ) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਨੇ ਚੋਟੀ ਦੀ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਸ ਲਈ ਉਨ੍ਹਾਂ ਦੇ ਨਾਮਜ਼ਦਗੀ ਪੱਤਰ ਮਨਜ਼ੂਰ ਕਰ ਲਏ ਗਏ ਹਨ। ਸ਼ਾਹਬਾਜ਼ ਸ਼ਰੀਫ਼ ਦੇ ਪਾਕਿਸਤਾਨ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਪੀਐੱਮਐੱਲ ਐੱਨ ਨੇ ਐੱਨਏ ਸਕੱਤਰੇਤ ਤੋਂ ਚੋਣਾਂ ਲਈ ਇੱਕ ਤੋਂ ਵੱਧ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਇਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਸੋਮਵਾਰ ਬਾਅਦ ਦੁਪਹਿਰ 3 ਵਜੇ ਪੜਤਾਲ ਕੀਤੀ ਜਾਵੇਗੀ ਅਤੇ ਪੜਤਾਲ ਉਪਰੰਤ ਉਮੀਦਵਾਰਾਂ ਦੀ ਸੂਚੀ ਪ੍ਰਦਰਸ਼ਿਤ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਦੀ ਚੋਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਨਿਊਜ਼ ਚੈਨਲ ਮੁਤਾਬਕ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਤੋਂ ਬਾਅਦ ਹੀ ਸੰਸਦ ਵੱਲ ਜਾਣ ਵਾਲੇ ਰਸਤੇ ਖੋਲ੍ਹੇ ਜਾਣਗੇ।

Posted By: Shubham Kumar