ਲੰਡਨ : ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਕਿਹਾ ਹੈ ਕਿ ਹਿੰਦ ਮਹਾਸਾਗਰ ਦੇ ਉੱਤਰੀ ਹਿੱਸੇ ਵਿਚ ਚੀਨ ਦੀ ਵਧਦੀ ਮੌਜੂਦਗੀ ਭਾਰਤ ਲਈ ਚੁਣੌਤੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਖੇਤਰ ਵਿਚ ਚੀਨੀ ਜੰਗੀ ਬੇੜਿਆਂ ਅਤੇ ਪਣਡੁੱਬੀਆਂ ਦੀ ਤਾਇਨਾਤੀ 'ਤੇ ਭਾਰਤ ਨੇੜਿਓਂ ਨਜ਼ਰ ਰੱਖ ਰਿਹਾ ਹੈ।

ਬਰਤਾਨੀਆ ਦੀ ਚਾਰ ਦਿਨਾਂ ਯਾਤਰਾ 'ਤੇ ਪੁੱਜੇ ਜਲ ਸੈਨਾ ਮੁਖੀ 'ਇੰਸਟੀਚਿਊਟ ਆਫ ਸਟ੍ਰੈਟੇਜਿਕ ਸਟੱਡੀਜ਼' 'ਚ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਨੇ ਜੰਗੀ ਬੇੜਿਆਂ ਦੇ ਨਿਰਮਾਣ ਵਿਚ ਏਨਾ ਨਿਵੇਸ਼ ਨਹੀਂ ਕੀਤਾ ਹੈ ਜਿੰਨਾ ਚੀਨ ਨੇ ਕੀਤਾ ਹੈ। ਹਿੰਦ ਮਹਾਸਾਗਰ 'ਚ ਚੀਨ ਦੀ ਹਾਜ਼ਰੀ ਲਗਾਤਾਰ ਵਧਦੀ ਜਾ ਰਹੀ ਹੈ ਜਿੱਥੇ ਉਸ ਨੇ ਜਿਬੂਤੀ ਵਿਚ ਪਹਿਲਾਂ ਹੀ ਲਾਜਿਸਟਿਕ ਬੇਸ ਬਣਾ ਲਿਆ ਹੈ, ਇਸ ਨਾਲ ਭਾਰਤ ਦੀ ਚਿੰਤਾ ਵਧੀ ਹੈ। ਨਾਲ ਹੀ ਉਸ ਨੇ ਸ੍ਰੀਲੰਕਾ 'ਚ ਹੰਬਨਟੋਟਾ ਬੰਦਰਗਾਹ ਵੀ 99 ਸਾਲ ਦੀ ਲੀਜ਼ 'ਤੇ ਹਾਸਲ ਕਰ ਲਿਆ ਹੈ। ਇਸ ਦੌਰਾਨ ਐਡਮਿਰਲ ਲਾਂਬਾ ਨੇ ਹਿੰਦ ਮਹਾਸਾਗਰ ਦੇ ਉੱਤਰੀ ਹਿੱਸੇ ਵਿਚ ਹਰ ਸਮੇਂ ਚੀਨ ਦੇ ਕਰੀਬ ਛੇ ਤੋਂ ਅੱਠ ਜੰਗੀ ਬੇੜਿਆਂ ਅਤੇ ਪਣਡੁੱਬੀਆਂ ਦੀ ਹਾਜ਼ਰੀ ਦਾ ਜ਼ਿਕਰ ਵੀ ਕੀਤਾ।

ਜ਼ਿਕਰਯੋਗ ਹੈ ਕਿ ਪੂਰਬੀ ਚੀਨ ਸਾਗਰ ਵਿਚ ਚੀਨ ਦਾ ਜਾਪਾਨ ਨਾਲ ਸਮੁੰਦਰੀ ਝਗੜਾ ਚੱਲ ਰਿਹਾ ਹੈ। ਇਸ ਤੋਂ ਇਲਾਵਾ ਉਹ ਦੱਖਣੀ ਚੀਨ ਸਾਗਰ ਦੇ 90 ਫ਼ੀਸਦੀ ਹਿੱਸੇ 'ਤੇ ਵੀ ਦਾਅਵਾ ਕਰਦਾ ਹੈ ਜਿੱਥੇ ਵੀਅਤਨਾਮ, ਫਿਲਪੀਨ, ਮਲੇਸ਼ੀਆ ਅਤੇ ਤਾਇਵਾਨ ਦੇ ਵੀ ਆਪਣੇ-ਆਪਣੇ ਦਾਅਵੇ ਹਨ। ਲਾਂਬਾ ਨੇ ਬਰਤਾਨੀਆ ਦੇ ਚੀਫ ਆਫ ਡਿਫੈਂਸ ਸਟਾਫ ਨਾਲ ਗੱਲਬਾਤ ਵੀ ਕੀਤੀ ਅਤੇ ਭਾਰਤ-ਬਿ੍ਟੇਨ ਕੈਰੀਅਰ ਕੈਪਬਿਲਿਟੀ ਪਾਰਟਨਰਸ਼ਿਪ ਤਹਿਤ ਪੋਟਰਸਮਾਊਥ ਸਮੁੰਦਰੀ ਫ਼ੌਜੀ ਅੱਡੇ 'ਤੇ ਐੱਚਐੱਮਐੱਸ ਕੁਈਨ ਐਲਿਜ਼ਾਬੈੱਥ ਕੈਰੀਅਰ ਦਾ ਦੌਰਾ ਵੀ ਕੀਤਾ।