ਲੰਡਨ : ਸ਼ੁਰੂਆਤੀ ਦਿਨਾਂ ਵਿਚ ਜਿਸ ਸਾਂਤਾ ਕਲਾਜ਼ ਨੂੰ ਸੱਚ ਮੰਨਦੇ ਹੋਏ ਬੱਚੇ ਕ੍ਰਿਸਮਸ ਦੇ ਦਿਨ ਉਨ੍ਹਾਂ ਤੋਂ ਤੋਹਫ਼ੇ ਦਾ ਇੰਤਜ਼ਾਰ ਕਰਦੇ ਹਨ, ਉਮਰ ਵੱਧਣ ਨਾਲ ਉਹ ਉਸ 'ਤੇ ਵਿਸ਼ਵਾਸ ਕਰਨਾ ਛੱਡ ਦਿੰਦੇ ਹਨ। ਇਕ ਅੰਤਰਰਾਸ਼ਟਰੀ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਲਗਪਗ ਅੱਠ ਸਾਲ ਦੀ ਉਮਰ ਵਿਚ ਬੱਚੇ ਸਾਂਤਾ ਨੂੰ ਸੱਚ ਮੰਨਣਾ ਬੰਦ ਕਰ ਦਿੰਦੇ ਹਨ ਪ੍ਰੰਤੂ ਇਹ ਜਾਣਦੇ ਹੋਏ ਵੀ ਕਿ ਸਾਂਤਾ ਕਲਾਜ਼ ਕਾਲਪਨਿਕ ਹੈ, 34 ਫ਼ੀਸਦੀ ਬਾਲਿਗ ਉਸ 'ਤੇ ਯਕੀਨ ਕਰਨਾ ਚਾਹੁੰਦੇ ਹਨ।

ਦੁਨੀਆ ਭਰ ਦੇ 1,200 ਲੋਕਾਂ 'ਤੇ ਕੀਤੇ ਗਏ ਸਰਵੇ ਪਿੱਛੋਂ ਬਿ੍ਰਟੇਨ ਦੀ ਯੂਨੀਵਰਸਿਟੀ ਆਫ ਐਕਸੇਟਰ ਦੇ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਸਾਂਤਾ ਦੀ ਕਹਾਣੀ ਝੂਠੀ ਨਿਕਲਣ 'ਤੇ ਬੱਚੇ ਉਦਾਸ ਹੋ ਜਾਂਦੇ ਹਨ। 15 ਫ਼ੀਸਦੀ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਮਾਂ-ਬਾਪ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ ਜਦਕਿ 10 ਫ਼ੀਸਦੀ ਬੱਚੇ ਨਾਰਾਜ਼ ਹੋ ਜਾਂਦੇ ਹਨ। ਖੋਜ ਵਿਚ ਇਹ ਵੀ ਸਾਹਮਣੇ ਆਇਆ ਕਿ 72 ਫ਼ੀਸਦੀ ਮਾਂ-ਬਾਪ ਨੂੰ ਆਪਣੇ ਬੱਚਿਆਂ ਨੂੰ ਸਾਂਤਾ ਦੀ ਕਹਾਣੀ ਸੁਣਾਉਣ ਅਤੇ ਸਾਂਤਾ ਵਿਚ ਉਨ੍ਹਾਂ ਦੇ ਭਰੋਸੇ ਨੂੰ ਬਣਾਈ ਰੱਖਣਾ ਚੰਗਾ ਲੱਗਦਾ ਹੈ। 31 ਫ਼ੀਸਦੀ ਪਰਿਵਾਰਾਂ ਨੇ ਇਹ ਵੀ ਕਿਹਾ ਕਿ ਬੱਚਿਆਂ ਦੇ ਪੁੱਛਣ 'ਤੇ ਉਹ ਸਾਂਤਾ ਦੇ ਹਕੀਕਤ ਵਿਚ ਨਾ ਹੋਣ ਦੀ ਗੱਲ ਉਨ੍ਹਾਂ ਨੂੰ ਦੱਸ ਦਿੰਦੇ ਹਨ। ਖੋਜਕਾਰ ਪ੍ਰੋਫੈਸਰ ਕ੍ਰਿਸ ਬਾਇਲ ਕਹਿੰਦੇ ਹਨ ਕਿ ਸਾਂਤਾ ਦੇ ਬਾਰੇ ਵਿਚ ਹਕੀਕਤ ਪਤਾ ਲੱਗਣ 'ਤੇ ਕੁਝ ਬੱਚੇ ਤਾਂ ਮਾਂ-ਬਾਪ 'ਤੇ ਹੀ ਵਿਸ਼ਵਾਸ ਕਰਨਾ ਛੱਡ ਦਿੰਦੇ ਹਨ। ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।