ਲੰਡਨ (ਪੀਟੀਆਈ) : ਕੈਪਟਨ ਹਰਪ੍ਰੀਤ ਚੰਡੀ ਨੇ ਇਕੱਲੇ ਦੱਖਣੀ ਧਰੁਵ ਪਹੁੰਚ ਕੇ ਇਤਿਹਾਸ ਰਚ ਦਿੱਤਾ। ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤਵੰਸ਼ੀ ਤੇ ਸਿਆਫਾਮ ਔਰਤ ਹੈ। ਬਰਤਾਨੀਆ ਵਾਸੀ 32 ਸਾਲਾ ਸਿੱਖ ਫ਼ੌਜੀ ਅਧਿਕਾਰੀ ‘ਪੋਲਰ ਪ੍ਰੀਤ’ ਦੇ ਨਾਂ ਨਾਲ ਵੀ ਜਾਣੀ ਜਾਂਦੀ ਹੈ।

ਚੰਡੀ ਨੇ ਆਪਣੀ ਇਸ ਇਤਹਾਸਕ ਉਪਲਬਧੀ ਦਾ ਐਲਾਨ ਸੋਮਵਾਰ ਨੂੰ ਲਾਈਵ ਬਲਾਕ ’ਤੇ ਕੀਤਾ। ਬਹੁਤ ਹੀ ਔਖੇ ਹਾਲਾਤ ’ਚ 1127 ਕਿਲੋਮੀਟਰ ਲੰਬੀ ਯਾਤਰਾ ਪੂਰੀ ਕਰਨ ’ਚ ਉਨ੍ਹਾਂ ਨੂੰ 40 ਦਿਨ ਲੱਗੇ। ਇਸ ਦੌਰਾਨ ਉਨ੍ਹਾਂ ਨੂੰ ਜ਼ਰੂਰੀ ਸਮੱਗਰੀ ਨਾਲ ਲੱਦੇ ਪਲਕ (ਸਾਮਾਨ ਢੋਹਣ ਵਾਲਾ ਵਾਹਨ) ਨੂੰ ਖ਼ੁਦ ਖਿੱਚਣਾ ਪਿਆ। ਮਨਫ਼ੀ 50 ਡਿਗਰੀ ਸੈਲਸੀਅਸ ਤਾਪਮਾਨ ਤੇ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਵਾਲੀ ਬਰਫ਼ੀਲੀ ਹਵਾ ਚੁਣੌਤੀਆਂ ਨੂੰ ਹੋਰ ਔਖਾ ਬਣਾਉਂਦੀ ਰਹੀ।

ਚੰਡੀ ਨੇ ਲਿਖਿਆ, ‘ਮੈਂ ਦੱਖਣੀ ਧਰੁਵ ’ਤੇ ਪਹੁੰਚ ਚੁੱਕੀ ਹਾਂ, ਜਿੱਥੇ ਇਸ ਸਮੇਂ ਬਰਫ਼ਬਾਰੀ ਹੋ ਰਹੀ ਹੈ। ਮੈਂ ਆਪਣੇ ਜਜ਼ਬਾਤਾਂ ਨੂੰ ਕੰਟਰੋਲ ਨਹੀਂ ਕਰ ਪਾ ਰਹੀ। ਤਿੰਨ ਸਾਲ ਪਹਿਲਾਂ ਤਕ ਮੈਂ ਧਰੁਵ ਦੀ ਦੁਨੀਆ ਬਾਰੇ ਕੁਝ ਵੀ ਨਹੀਂ ਜਾਣਦੀ ਸੀ ਤੇ ਹੁਣ ਇੱਥੇ ਪਹੁੰਚਣਾ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਲੱਗ ਰਿਹਾ ਹੈ। ਇੱਥੇ ਪਹੁੰਚਣਾ ਕਾਫੀ ਮੁਸ਼ਕਲ ਸੀ। ਇਹ ਮੁਹਿੰਮ ਮੇਰੇ ਲਈ ਕਾਫੀ ਅਹਿਮ ਸੀ।’ ਉਨ੍ਹਾਂ ਆਪਣੀ ਯਾਤਰਾ ਲਈ ਲਾਈਵ ਟ੍ਰੈਕਿੰਗ ਮੈਪ ਅਪਲੋਡ ਕੀਤਾ ਸੀ ਤੇ ਬਰਫ਼ ਨਾਲ ਘਿਰੇ ਉਸ ਖੇਤਰ ਬਾਰੇ ਨਿਯਮਤ ਬਲਾਗ ਲਿਖਦੀ ਰਹੀ।

ਚੰਡੀ ਦਾ ਆਖ਼ਰੀ ਬਲਾਗ ਸੀ, ‘40ਵਾਂ ਦਿਨ, ਪ੍ਰੀਤ ਨੇ ਅੰਟਾਰਕਟਿਕ ਦੀ ਯਾਤਰਾ ਪੂਰੀ ਕਰਦੇ ਹੋਏ ਇਤਿਹਾਸ ਰਚ ਦਿੱਤਾ। ਉਹ ਅਜਿਹਾ ਕਰਨ ਵਾਲੀ ਪਹਿਲੀ ਸਿਆਫਾਮ ਔਰਤ ਬਣ ਗਈ ਹੈ। ਤੁਸੀਂ ਕੁਝ ਵੀ ਕਰਨ ’ਚ ਸਮਰਥ ਹੋ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੋਂ ਹੋ ਤੇ ਕਿੱਥੋਂ ਸ਼ੁਰੂਆਤ ਕੀਤੀ ਹੈ, ਹਰ ਕੋਈ ਕਿਸੇ ਨਾ ਕਿਸੇ ਪਲ਼ ਤੋਂ ਸ਼ੁਰੂਆਤ ਕਰਦਾ ਹੈ।’

ਫ਼ੌਜ ਦੇ ਡਾਕਟਰਾਂ ਨੂੰ ਸਿਖਲਾਈ ਦਿੰਦੀ ਹੈ ਚੰਡੀ

ਚੰਡੀ ਬਿ੍ਰਟਿਸ਼ ਫ਼ੌਜ ’ਚ ਕਲੀਨਿਕਲ ਟ੍ਰੇਨਿੰਗ ਅਫਸਰ ਹੈ ਤੇ ਉੱਤਰ-ਪੱਛਮ ਇੰਗਲੈਂਡ ਦੇ ਮੈਡੀਕਲ ਰੈਜ਼ੀਮੈਂਟ ’ਚ ਤਾਇਨਾਤ ਹੈ। ਉਨ੍ਹਾਂ ਦਾ ਸ਼ੁਰੂਆਤ ਕੰਮ ਫ਼ੌਜ ਦੇ ਡਾਕਟਰਾਂ ਲਈ ਕੈਂਪ ਲਗਾ ਕੇ ਉਨ੍ਹਾਂ ਨੂੰ ਸਿਖਲਾਈ ਦੇਣਾ ਹੈ। ਫ਼ਿਲਹਾਲ ਉਹ ਲੰਡਨ ’ਚ ਰਹਿੰਦੇ ਹੋਏ ਕਵੀਨ ਮੈਰੀਜ ਯੂਨੀਵਰਸਿਟੀ ਸਪੋਰਟਸ ਐਂਡ ਐਕਸਰਸਾਈਜ ਮੈਡੀਸਨ ’ਚ ਗ੍ਰੈਜੂਏਸ਼ਨ (ਪਾਰਟ ਟਾਈਮ) ਕਰ ਰਹੀ ਹੈ। ਇਕ ਐਥਲੀਟ ਦੇ ਰੂਪ ’ਚ ਉਨ੍ਹਾਂ ਮੈਰਾਥਨ ਤੇ ਅਲਟ੍ਰਾ ਮੈਰਾਥਨ ’ਚ ਹਿੱਸਾ ਲਿਆ ਹੈ ਤੇ ਫ਼ੌਜੀ ਅਧਿਕਾਰੀ ਦੇ ਰੂਪ ’ਚ ਕਈ ਤਰ੍ਹਾਂ ਦੀ ਟ੍ਰੇਨਿੰਗ ਹਾਸਲ ਕੀਤੀ ਹੈ। ਉਹ ਨੇਪਾਲ ਤੇ ਕੀਨੀਆ ਦੇ ਨਾਲ-ਨਾਲ ਦੱਖਣੀ ਸੂਡਾਨ ’ਚ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਫ਼ੌਜ ’ਚ ਵੀ ਤਾਇਨਾਤ ਰਹੀ ਹੈ।

Posted By: Susheel Khanna