ਲੰਡਨ (ਪੀਟੀਆਈ) : ਸਿਆਸੀ ਸੰਕਟ 'ਚ ਘਿਰੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਮੱਧਕਾਲੀ ਚੋਣਾਂ ਕਰਵਾਉਣ ਦੀ ਮੰਗ 'ਤੇ ਸੰਸਦ 'ਚ ਮੁੜ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਝਟਕੇ ਦੇ ਬਾਵਜੂਦ ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਬ੍ਰੈਗਜ਼ਿਟ ਸਮਝੌਤੇ ਲਈ ਯਤਨ ਕਰਨਾ ਜਾਰੀ ਰੱਖਣਗੇ।

ਸੰਸਦ ਦੀ ਕਾਰਵਾਈ ਮੁਲਤਵੀ ਹੋਣ ਤੋਂ ਪਹਿਲਾਂ ਸੋਮਵਾਰ ਦੇਰ ਰਾਤ ਤਕ ਚੱਲੀ ਬਹਿਸ ਮਗਰੋਂ ਹੋਏ ਮਤਦਾਨ 'ਚ ਮੱਧਕਾਲੀ ਚੋਣਾਂ ਦੀ ਮੰਗ ਵਾਲਾ ਮਤਾ ਡਿੱਗ ਗਿਆ। ਆਪਣਾ ਮਤਾ ਡਿੱਗਣ 'ਤੇ ਜੌਨਸਨ ਨੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ 'ਤੇ ਨਾਰਾਜ਼ਗੀ ਵੀ ਜਾਹਿਰ ਕੀਤੀ। ਇਸ ਤੋਂ ਬਾਅਦ ਸੰਸਦ ਦੀ ਕਾਰਵਾਈ 14 ਅਕਤੂਬਰ ਤਕ ਲਈ ਮੁਲਤਵੀ ਕਰ ਦਿੱਤੀ ਗਈ। ਸੰਸਦ ਦੀ ਮੁਲਤਵੀ 'ਤੇ ਕਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਕਰ ਕੇ ਆਪਣਾ ਵਿਰੋਧ ਜਾਹਿਰ ਕੀਤਾ। ਪ੍ਰਧਾਨ ਮੰਤਰੀ ਜੌਨਸਨ ਨੇ ਹੀ ਮਹਾਰਾਣੀ ਐਲਿਜ਼ਾਬੈੱਥ-2 ਤੋਂ ਸੰਸਦ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਸੀ। ਜੌਨਸਨ ਲੇ ਕਿਹਾ, 'ਮੈਂ ਅਗਲੇ ਮਹੀਨੇ ਬਰੱਸਲਜ਼ 'ਚ ਹੋਣ ਵਾਲੇ ਸੰਮੇਲਨ 'ਚ ਸਮਝੌਤੇ ਦਾ ਯਤਨ ਕਰਾਂਗਾ। ਵਿਰੋਧੀ ਰਿ ਸਮੇਂ ਤੋਂ ਪਹਿਲਾਂ ਚੋਣ ਕਰਵਾਉਣ 'ਚ ਰੁਕਾਵਟ ਖੜ੍ਹੀ ਕਰ ਕੇ ਮੈਨੂੰ ਆਪਣਾ ਫਰਜ਼ ਨਿਭਾਉਣ ਤੋਂ ਰੋਕ ਰਿਹਾ ਹੈ।' ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਕੈਬਨਿਟ ਦੀ ਬੈਠਕ ਕੀਤੀ ਤੇ ਸੰਸਦ 'ਚ ਮਿਲੀ ਕਈ ਵਾਰ ਹਾਰ ਤੇ ਬ੍ਰੈਗਜ਼ਿਟ ਨੂੰ ਲੈ ਕੇ ਅਗਲੀ ਰਣਨੀਤੀ 'ਤੇ ਚਰਚਾ ਕੀਤੀ। ਜੌਨਸਨ ਨੇ ਇਕ ਦਿਨ ਪਹਿਲਾਂ ਵੀ ਕਿਹਾ ਸੀ ਕਿ ਬ੍ਰੈਗਜ਼ਿਟ ਨੂੰ ਰੋਕਣ ਦੀ ਵਿਰੋਧੀ ਧਿਰ ਦੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ। ਉਨ੍ਹਾਂ ਦੇ ਦਫ਼ਤਰ ਨੇ ਵੀ ਸਾਫ਼ ਕਰ ਦਿੱਤਾ ਸੀ ਕਿ 31 ਅਕਤੂਬਰ ਨੂੰ ਯੂਰਪੀ ਯੂਨੀਅਨ ਤੋਂ ਵਖਰੇਵਾਂ ਤੈਅ ਹੈ।

ਡੈਮੋਕ੍ਰੇਟਿਕ ਯੂਨੀਅਨ ਪਾਰਟੀ ਦੀ ਆਗੂ ਨੂੰ ਮਿਲਣਗੇ ਜੌਨਸਨ

ਜੌਨਸਨ ਉੱਤਰੀ ਆਇਰਲੈਂਡ ਦੀ ਡੈਮੋਕ੍ਰੇਟਿਕ ਯੂਨੀਅਨ ਪਾਰਟੀ ਦੀ ਆਗੂ ਅਰਲੀਨ ਫੋਸਟਰ ਨੂੰ ਉਨ੍ਹਾਂ ਅਫ਼ਵਾਹਾਂ ਦਰਮਿਆਨ ਮਿਲਣ ਵਾਲੇ ਹਨ ਕਿ ਉਹ ਬ੍ਰੈਗਜ਼ਿਟ ਤੋਂ ਬਾਅਦ ਆਇਰਲੈਂਡ ਦੀ ਸਰਹੱਦ ਤੇ ਕਾਰੋਬਾਰ ਦੇ ਮਸਲੇ 'ਤੇ ਨਰਮ ਰੁਖ਼ ਅਪਨਾ ਸਕਦੇ ਹਨ। ਫੋਸਟਰ ਦੀ ਪਾਰਟੀ ਚਾਹੁੰਦੀ ਹੈ ਕਿ ਉੱਤਰੀ ਆਇਰਲੈਂਡ ਬਰਤਾਨੀਆ ਨਾਲ ਬਣਿਆ ਰਹੇ। ਪਾਰਟੀ ਨੇ ਜੌਨਸਨ ਨੂੰ ਸਾਵਧਾਨ ਵੀ ਕੀਤਾ ਹੈ ਕਿ ਉਨ੍ਹਾਂ ਦਾ ਖੇਤਰ ਗੱਲਬਾਤ 'ਚ ਕੋਈ ਤਿਆਗ ਨਹੀਂ ਕਰੇਗਾ।