ਲੰਡਨ (ਰਾਇਟਰ) : ਬਰਤਾਨੀਆ 'ਚ ਬ੍ਰੈਗਜ਼ਿਟ ਪ੍ਰਕਿਰਿਆ ਫਿਰ ਤੋਂ ਠੰਢੇ ਬਸਤੇ 'ਚ ਪੈਂਦੀ ਨਜ਼ਰ ਆ ਰਹੀ ਹੈ। ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ 31 ਅਕਤੂਬਰ ਨੂੰ ਬਰਤਾਨੀਆ ਦੇ ਯੂਰਪੀ ਯੂਨੀਅਨ ਤੋਂ ਵੱਖ ਹੋਣ ਦੀ ਪ੍ਰਸਤਾਵਤ ਯੋਜਨਾ ਵਿਚ ਜੇਕਰ ਰੁਕਾਵਟ ਪੈਂਦੀ ਹੈ ਤਾਂ ਉਹ 15 ਅਕਤੂਬਰ ਨੂੰ ਮੱਧਕਾਲੀ ਚੋਣਾਂ ਕਰਵਾ ਸਕਦੇ ਹਨ। ਪ੍ਰਧਾਨ ਮੰਤਰੀ ਦੀ ਬਿਨਾਂ ਸ਼ਰਤ ਬ੍ਰੈਗਜ਼ਿਟ ਦੀ ਯੋਜਨਾ ਦੇ ਵਿਰੋਧ ਵਿਚ ਇਕਜੁਟ ਵਿਰੋਧੀ ਧਿਰ ਨੂੰ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ 21 ਸੰਸਦ ਮੈਂਬਰਾਂ ਦਾ ਸਮਰਥਨ ਮਿਲਣ ਮਗਰੋਂ ਸਰਕਾਰ ਬਹੁਮਤ ਗੁਆ ਬੈਠੀ ਹੈ। ਵਿਰੋਧੀ ਧਿਰ ਬਿਨਾਂ ਸ਼ਰਤ ਬ੍ਰੈਗਜ਼ਿਟ ਰੋਕਣ ਲਈ ਸੰਸਦ ਵਿਚ ਮਤਾ ਲਿਆਈ ਹੈ।

ਮੰਗਲਵਾਰ ਨੂੰ ਹੀ ਸਾਫ਼ ਹੋ ਗਿਆ ਸੀ ਕਿ ਸੰਸਦ ਵਿਚ ਜੌਨਸਨ ਸਰਕਾਰ ਬਹੁਮਤ ਗੁਆ ਬੈਠੀ ਹੈ ਅਤੇ ਹੁਣ ਬਿਨਾਂ ਸ਼ਰਤ ਯੂਰਪੀ ਯੂਨੀਅਨ ਤੋਂ ਵੱਖ ਹੋ ਪਾਉਣਾ ਸੌਖਾ ਨਹੀਂ ਰਹਿ ਗਿਆ ਹੈ ਅਤੇ ਸ਼ਰਤਾਂ ਤਹਿਤ ਵੱਖ ਹੋਣ ਲਈ ਯੂਰਪੀ ਯੂਨੀਅਨ ਨਾਲ ਗੱਲਬਾਤ ਦੀ ਪ੍ਰਕਿਰਿਆ ਦੀ ਲੋੜ ਪਵੇਗੀ ਅਤੇ ਸੰਸਦ ਦੀ ਮਨਜ਼ੂਰੀ ਵੀ ਲੈਣੀ ਹੋਵੇਗੀ। ਇਸ ਵਿਚ ਹੋਰ ਜ਼ਿਆਦਾ ਸਮਾਂ ਲੱਗ ਸਕਦਾ ਹੈ। ਬ੍ਰੈਗਜ਼ਿਟ ਲਈ ਨਿਰਧਾਰਤ ਤਰੀਕ 31 ਅਕਤੂਬਰ ਤੋਂ ਮਹਿਜ਼ 57 ਦਿਨ ਪਹਿਲਾਂ ਵਿਰੋਧੀ ਧਿਰ ਦੇ ਇਸ ਕਦਮ ਨਾਲ ਪ੍ਰਧਾਨ ਮੰਤਰੀ ਜੌਨਸਨ ਨੂੰ ਹੁਣ ਆਪਣਾ ਰਸਤਾ ਮੁਸ਼ਕਲ ਨਜ਼ਰ ਆ ਰਿਹਾ ਹੈ। ਇਸ ਲਈ ਉਨ੍ਹਾਂ ਹੁਣ 15 ਅਕਤੂਬਰ ਨੂੰ ਮੱਧਕਾਲੀ ਚੋਣਾਂ ਕਰਵਾਉਣ ਅਤੇ ਵੱਖ ਹੋਣ ਦੀ ਪ੍ਰਕਿਰਿਆ ਨੂੰ 31 ਜਨਵਰੀ ਨੂੰ ਪੂਰਾ ਕਰਨ ਦੀ ਗੱਲ ਕਹੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਚੋਣਾਂ ਦੀ ਗੱਲ ਕਹਿ ਕੇ ਜੌਨਸਨ ਨੇ ਆਪਣੀ ਪਾਰਟੀ ਦੇ ਉਨ੍ਹਾਂ 21 ਸੰਸਦ ਮੈਂਬਰਾਂ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਵਿਰੋਧੀ ਧਿਰ ਲੇਬਰ ਪਾਰਟੀ ਨਾਲ ਚਲੇ ਗਏ ਹਨ।

ਜੌਨਸਨ ਨੇ ਕਿਹਾ, ਵੱਖ ਹੋਣ ਦੀ ਪ੍ਰਕਿਰਿਆ 'ਤੇ ਉਨ੍ਹਾਂ ਦੀ ਰਣਨੀਤੀ ਯੂਰਪੀ ਯੂਨੀਅਨ ਦੇ 17 ਅਕਤੂਬਰ ਨੂੰ ਹੋਣ ਵਾਲੇ ਸਮਿਟ ਵਿਚ ਮੋਹਰ ਲਗਵਾਉਣ ਦੀ ਹੈ। ਆਇਰਲੈਂਡ ਸਰਹੱਦ ਤੋਂ ਆਵਾਜਾਈ ਨੂੰ ਲੈ ਕੇ ਜਿਹੜਾ ਰੇੜਕਾ ਬਣਿਆ ਹੋਇਆ ਸੀ, ਉਸ ਨੂੰ ਵੀ ਗੱਲਬਾਤ ਜ਼ਰੀਏ ਕਾਫ਼ੀ ਹੱਦ ਤਕ ਸੁਲਝਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਆਪਣੀ ਪਾਰਟੀ ਦੇ ਬਾਗ਼ੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਵਾਪਸ ਆ ਜਾਣ ਅਤੇ ਸਰਕਾਰ ਦੀ ਬ੍ਰੈਗਜ਼ਿਟ ਪ੍ਰਕਿਰਿਆ ਨੂੰ ਪੂਰਾ ਹੋਣ ਦੇਣ। ਇਸ ਤੋਂ ਪਹਿਲਾਂ ਮੁੱਖ ਵਿਰੋਧੀ ਧਿਰ ਦੇ ਨੇਤਾ ਕੀਰ ਸਟਾਰਮਰ ਨੇ ਕਿਹਾ, ਅਸੀਂ ਜੌਨਸਨ ਦੀ ਧੁਨ 'ਤੇ ਨੱਚਣ ਨਹੀਂ ਜਾ ਰਹੇ। ਅਸੀਂ ਬਰਤਾਨੀਆ ਦੇ ਭਵਿੱਖ ਨੂੰ ਗਹਿਣੇ ਨਹੀਂ ਰੱਖ ਸਕਦੇ। ਬਿਨਾਂ ਸ਼ਰਤ ਬ੍ਰੈਗਜ਼ਿਟ ਰਾਸ਼ਟਰ ਵਿਰੋਧੀ ਹੈ।