ਲੰਡਨ (ਪੀਟੀਆਈ) : ਬਰਤਾਨੀਆ 'ਚ ਸਰਕਾਰ ਨੂੰ ਹਾਈ ਕੋਰਟ ਦੇ ਉਸ ਆਦੇਸ਼ ਖ਼ਿਲਾਫ਼ ਸੁਪਰੀਮ ਕੋਰਟ 'ਚ ਅਪੀਲ ਦੀ ਆਗਿਆ ਮਿਲ ਗਈ ਹੈ ਜਿਸ 'ਚ 'ਆਈਐੱਸ ਲਾੜੀ' ਨੂੰ ਬਰਤਾਨੀਆ ਆ ਕੇ ਆਪਣੀ ਨਾਗਰਿਕਤਾ ਖੋਹੀ ਜਾਣ ਖ਼ਿਲਾਫ਼ ਮੁਕੱਦਮਾ ਲੜਨ ਦਾ ਅਧਿਕਾਰ ਦਿੱਤਾ ਗਿਆ ਸੀ। ਆਈਐੱਸ ਲਾੜੀ ਸ਼ਮੀਮਾ ਬੇਗ਼ਮ (20) ਉਹ ਲੜਕੀ ਹੈ ਜੋ 2015 'ਚ ਸਕੂਲ 'ਚ ਨਾਲ ਪੜ੍ਹਨ ਵਾਲੀਆਂ ਦੋ ਸਹੇਲੀਆਂ ਨਾਲ ਲੰਡਨ ਤੋਂ ਭੱਜ ਕੇ ਅੱਤਵਾਦੀ ਸੰਗਠਨ ਆਈਐੱਸ 'ਚ ਸ਼ਾਮਲ ਹੋਣ ਸੀਰੀਆ ਗਈ ਸੀ। ਬਾਅਦ 'ਚ ਆਪਣੇ ਕਾਰਨਾਮਿਆਂ ਕਾਰਨ ਉਹ ਆਈਐੱਸ ਲਾੜੀ ਦੇ ਨਾਂ ਨਾਲ ਬਦਨਾਮ ਹੋਈ। ਸ਼ਮੀਮਾ ਬੰਗਲਾਦੇਸ਼ 'ਚ ਪੈਦਾ ਹੋਈ ਬਰਤਾਨਵੀ ਨਾਗਰਿਕ ਸੀ।

ਅੱਤਵਾਦੀ ਜਥੇਬੰਦੀ 'ਚ ਉਸ ਦੇ ਕਾਰਨਾਮਿਆਂ ਦੀ ਜਾਣਕਾਰੀ ਮਿਲਣ 'ਤੇ ਬਰਤਾਨਵੀ ਸਰਕਾਰ ਨੇ ਉਸ ਦੀ ਨਾਗਰਿਕਤਾ ਖੋਹ ਲਈ ਸੀ। ਇਸ ਦੇ ਨਾਲ ਹੀ ਉਸ ਦੇ ਬਰਤਾਨੀਆ 'ਚ ਦਾਖ਼ਲੇ 'ਤੇ ਰੋਕ ਲੱਗ ਗਈ ਸੀ। ਅਪੀਲ ਕੋਰਟ ਨੇ ਆਪਣੇ ਤਾਜ਼ਾ ਆਦੇਸ਼ 'ਚ ਬਰਤਾਨਵੀ ਸਰਕਾਰ ਨੂੰ ਸੁਪਰੀਮ ਕੋਰਟ 'ਚ ਅਪੀਲ ਦਾ ਅਧਿਕਾਰ ਦਿੱਤਾ ਹੈ। ਕਿਹਾ ਹੈ ਕਿ ਇਹ ਮਾਮਲਾ ਜਨਹਿੱਤ ਨਾਲ ਜੁੜਿਆ ਹੋਇਆ ਹੈ, ਇਸ ਲਈ ਸਰਵਉੱਚ ਅਦਾਲਤ ਹੀ ਮਾਮਲੇ 'ਤੇ ਫ਼ੈਸਲਾ ਕਰੇ। ਅੱਤਵਾਦੀ ਔਰਤ ਦੇ ਹੱਕ 'ਚ ਆਏ ਆਦੇਸ਼ ਖ਼ਿਲਾਫ਼ ਅਪੀਲ ਕਰਦਿਆਂ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਸਰ ਜੇਮਜ਼ ਏਡੀ ਨੇ ਕੋਰਟ 'ਚ ਕਿਹਾ, ਜੋ ਵਿਅਕਤੀ ਨਾਗਰਿਕਤਾ ਤੋਂ ਵਾਂਝਾ ਕਰ ਦਿੱਤਾ ਜਾਂਦਾ ਹੈ, ਉਹ ਕੋਰਟ 'ਚ ਪਟੀਸ਼ਨ ਦਾਇਰ ਨਹੀਂ ਕਰ ਸਕਦਾ। ਕਿਉਂਕਿ ਦੇਸ਼ ਦੀ ਕਿਸੇ ਵੀ ਅਦਾਲਤ 'ਚ ਪਟੀਸ਼ਨ ਦਾਇਰ ਕਰਨ ਦਾ ਅਧਿਕਾਰ ਸਿਰਫ ਨਾਗਰਿਕ ਨੂੰ ਜਾਂ ਸਮਝੌਤੇ ਦੇ ਆਧਾਰ 'ਤੇ ਵਿਦੇਸ਼ੀ ਸਰਕਾਰ ਨੂੰ ਹੁੰਦਾ ਹੈ।

ਦਲੀਲਾਂ ਸੁਣ ਕੇ ਅਪੀਲ ਕੋਰਟ 'ਚ ਮਹਿਲਾ ਜੱਜ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਆਪਣੀ ਕਰਨ ਦੀ ਸਰਕਾਰ ਦੀ ਮੰਗ ਮੰਨ ਲਈ। ਇਸ ਬੈਂਚ 'ਚ ਭਾਰਤੀ ਮੁੱਲ ਦੇ ਜੱਜ ਰਵਿੰਦਰ ਸਿੰਘ ਵੀ ਸਨ। ਅਪੀਲ ਕੋਰਟ ਨੇ ਸ਼ਮੀਮਾ ਦੀ ਗ਼ੈਰ-ਹਾਜ਼ਰੀ 'ਚ ਉਸ ਦੇ ਵਕੀਲ ਨੂੰ ਵੀ ਸੁਪਰੀਮ ਕੋਰਟ 'ਚ ਆਪਣਾ ਪੱਖ ਰੱਖਣ ਦੀ ਆਗਿਆ ਦਿੱਤੀ ਹੈ।

ਸ਼ਮੀਮਾ ਦੇ ਪੱਖ 'ਚ ਫ਼ੈਸਲਾ ਜੁਲਾਈ ਦੀ ਸ਼ੁਰੂਆਤ 'ਚ ਆਇਆ ਸੀ। ਉਸ 'ਚ ਉਸ ਨੇ ਬਰਤਾਨੀਆ ਆ ਕੇ ਸਰਕਾਰ ਨੂੰ ਆਪਣੀ ਨਾਗਰਿਕਤਾ ਬਹਾਲ ਕਰਨ ਲਈ ਕਾਨੂੰਨੀ ਲੜਾਈ ਦਾ ਅਧਿਕਾਰ ਦਿੱਤਾ ਸੀ। ਸ਼ਮੀਮਾ ਜਦੋਂ ਸਹੇਲੀਆਂ ਨਾਲ ਸੀਰੀਆ ਭੱਜ ਗਈ ਸੀ, ਉਦੋਂ ਉਸ ਦੀ ਮਹਿਜ਼ 15 ਸਾਲ ਸੀ। ਸੀਰੀਆ 'ਚ ਆਈਐੱਸ ਦੀ ਹਾਰ ਤੋਂ ਬਾਅਦ ਉਹ ਕੁਰਦ ਲੜਾਕਿਆਂ ਦੇ ਹੱਥ ਆ ਗਈ। ਸ਼ਮੀਮਾ ਹੁਣ ਸੀਰੀਆ 'ਚ ਕੁਰਦ ਲੜਾਕਿਆਂ ਦੀ ਦੇਖ-ਰੇਖ ਵਾਲੇ ਬੰਦੀ ਕੈਂਪ 'ਚ ਰਹਿ ਰਹੀ ਹੈ। ਉਥੋਂ ਉਸ ਨੇ ਆਪਣੀ ਬਰਤਾਨਵੀ ਨਾਗਰਿਕਤਾ ਬਹਾਲ ਕੀਤੇ ਜਾਣ ਦੀ ਪਟੀਸ਼ਨ ਦਾਇਰ ਕੀਤੀ ਸੀ। ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਦੇਸ਼ ਲਈ ਖ਼ਤਰਨਾਕ ਸ਼ਮੀਮਾ ਬੇਗ਼ਮ ਨੂੰ ਬਰਤਾਨੀਆ 'ਚ ਦਾਖ਼ਲੇ ਦੀ ਆਗਿਆ ਦੇਣ ਤੋਂ ਸਪੱਸ਼ਟ ਇਨਕਾਰ ਕੀਤਾ ਹੈ।