ਲੰਡਨ (ਪੀਟੀਆਈ) : ਭਾਰਤ ਹਵਾਲਗੀ ਖ਼ਿਲਾਫ਼ ਕੇਸ ਲੜ ਰਹੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜੁਡੀਸ਼ੀਅਲ ਹਿਰਾਸਤ ਮਿਆਦ ਬਰਤਾਨੀਆ ਦੀ ਇਕ ਅਦਾਲਤ ਨੇ 6 ਅਗਸਤ ਤਕ ਲਈ ਵਧਾ ਦਿੱਤੀ ਹੈ।

ਪਿਛਲੇ ਸਾਲ ਮਾਰਚ ਵਿਚ ਆਪਣੀ ਗਿ੍ਫ਼ਤਾਰੀ ਤੋਂ ਬਾਅਦ ਤੋਂ ਦੱਖਣੀ-ਪੱਛਮੀ ਲੰਡਨ ਸਥਿਤ ਵੈਂਡਸਵਰਥ ਜੇਲ੍ਹ ਵਿਚ ਬੰਦ ਨੀਰਵ ਮੋਦੀ ਵੀਡੀਓ ਲਿੰਕ ਜ਼ਰੀਏ ਆਪਣੀ ਨਿਯਮਿਤ 28 ਦਿਨਾਂ ਕਾਲ ਓਵਰ ਸੁਣਵਾਈ ਲਈ ਵੈਸਟਮਿੰਸਟਰ ਮੈਜਿਸਟ੍ਰੇਟ ਅਦਾਲਤ ਵਿਚ ਚੀਫ ਮੈਜਿਸਟ੍ਰੇਟ ਐਮਾ ਅਰਬਥਨਾਟ ਦੇ ਸਾਹਮਣੇ ਪੇਸ਼ ਹੋਇਆ। ਨੀਰਵ ਦੀ ਹਵਾਲਗੀ ਦੀ ਸੁਣਵਾਈ ਦਾ ਦੂਜਾ ਪੜਾਅ ਸਤੰਬਰ ਵਿਚ ਸ਼ੁਰੂ ਹੋਣਾ ਹੈ। ਜੱਜ ਅਰਬਥਨਾਟ ਨੇ ਨੀਰਵ ਨੂੰ ਕਿਹਾ, 'ਇਹ ਦੇਖ ਕੇ ਖ਼ੁਸ਼ੀ ਹੋਈ ਕਿ ਤੁਸੀਂ ਠੀਕ-ਠਾਕ ਦਿਸ ਰਹੇ ਹੋ।' ਇਸ ਦੇ ਨਾਲ ਹੀ ਜੱਜ ਨੇ ਨੀਰਵ ਨੂੰ ਸੂਚਿਤ ਕੀਤਾ ਕਿ ਉਸ ਦੀ ਅਗਲੀ ਕਾਲ ਓਵਰ ਸੁਣਵਾਈ 6 ਅਗਸਤ ਨੂੰ ਹੋਵੇਗੀ।

ਮਈ ਵਿਚ ਡਿਸਟਿ੍ਕਟ ਜੱਜ ਸੈਮੁਅਲ ਗੂਜੀ ਨੇ ਨੀਰਵ ਦੀ ਹਵਾਲਗੀ ਸੁਣਵਾਈ ਦੇ ਪਹਿਲੇ ਪੜਾਅ ਦੀ ਪ੍ਰਧਾਨਗੀ ਕੀਤੀ ਸੀ। ਉਸ ਦੇ ਦੂਜੇ ਪੜਾਅ ਦੀ ਪੰਜ ਦਿਨਾਂ ਸੁਣਵਾਈ 7 ਸਤੰਬਰ ਤੋਂ ਹੋਣੀ ਹੈ। ਉਦੋਂ ਜੱਜ ਨੇ ਨੀਰਵ ਮੋਦੀ ਨੂੰ ਕਿਹਾ ਸੀ ਕਿ ਮੈਨੂੰ ਉਮੀਦ ਹੈ ਕਿ ਸਤੰਬਰ ਵਿਚ ਜਦੋਂ ਅਸੀਂ ਮਿਲਾਂਗੇ, ਉਦੋਂ ਜੇਲ੍ਹ ਤੋਂ ਆਵਾਜਾਈ ਦੀਆਂ ਵਰਤਮਾਨ ਪਾਬੰਦੀਆਂ ਵਿਚ ਢਿੱਲ ਮਿਲ ਚੁੱਕੀ ਹੋਵੇਗੀ ਅਤੇ ਕਾਰਵਾਈ ਲਈ ਤੁਸੀਂ ਅਦਾਲਤ ਵਿਚ ਖ਼ੁਦ ਹਾਜ਼ਰ ਹੋਵੋਗੇ।