ਲੰਡਨ (ਏਐੱਫਪੀ) : ਈਰਾਨ ਵਿਚ ਸਰਕਾਰ ਖ਼ਿਲਾਫ਼ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੌਰਾਨ ਤਹਿਰਾਨ ਸਥਿਤ ਬਰਤਾਨੀਆ ਦੇ ਰਾਜਦੂਤ ਰੌਬ ਮਾਕੇਅਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਤੇ ਇਕ ਘੰਟੇ ਦੀ ਪੁੱਛਗਿੱਛ ਪਿੱਛੋਂ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਬਰਤਾਨੀਆ ਦੇ ਵਿਦੇਸ਼ ਮੰਤਰੀ ਡੋਮੀਨਿਕ ਰਾਬ ਨੇ ਦੱਸਿਆ ਕਿ ਇਹ ਗਿ੍ਫ਼ਤਾਰੀ ਬਿਨਾਂ ਕਿਸੇ ਠੋਸ ਆਧਾਰ 'ਤੇ ਕੀਤੀ ਗਈ ਤੇ ਇਹ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਹੈ।

'ਡੇਲੀ ਮੇਲ' ਅਨੁਸਾਰ ਯੂਕਰੇਨ ਦੇ ਹਵਾਈ ਜਹਾਜ਼ ਨੂੰ ਈਰਾਨੀ ਗਾਰਡਾਂ ਵੱਲੋਂ ਗ਼ਲਤੀ ਨਾਲ ਡੇਗੇ ਜਾਣ ਵਿਰੁੱਧ ਈਰਾਨ ਦੇ ਨਾਗਰਿਕ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਰਹੇ ਸਨ ਤੇ ਬਰਤਾਨੀਆ ਦੇ ਰਾਜਦੂਤ 'ਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਥਿਤ ਉਕਸਾਇਆ।

ਰਾਸ਼ਟਰਪਤੀ ਹਸਨ ਰੂਹਾਨੀ ਨੇ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਫ਼ੌਜ ਦੀ ਇਕ ਮਿਜ਼ਾਈਲ ਗ਼ਲਤੀ ਨਾਲ ਯੂਕਰੇਨ ਦੇ ਜਹਾਜ਼ 'ਚ ਲੱਗੀ ਜਿਸ ਕਾਰਨ ਉਹ ਤਬਾਹ ਹੋ ਗਿਆ ਤੇ 176 ਮੁਸਾਫ਼ਰਾਂ ਦੀ ਮੌਤ ਹੋ ਗਈ। ਰੂਹਾਨੀ ਨੇ ਕਿਹਾ ਕਿ ਇਹ ਨਾਮਾਫ਼ੀਯੋਗ ਗ਼ਲਤੀ ਹੈ। ਇਸ ਦੌਰਾਨ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਜਹਾਜ਼ ਹਾਦਸੇ ਵਿਚ ਮਾਰੇ ਗਏ ਬਿ੍ਟੇਨ ਦੇ ਚਾਰ ਨਾਗਰਿਕਾਂ ਦੇ ਪਰਿਵਾਰਾਂ ਨੂੰ ਪੂਰੀ ਮਦਦ ਦੇਵੇਗੀ। ਜੌਨਸਨ ਨੇ ਕਿਹਾ ਕਿ ਬਿ੍ਟੇਨ, ਕੈਨੇਡਾ, ਯੂਕਰੇਨ ਦੇ ਹੋਰ ਕੌਮਾਂਤਰੀ ਭਾਈਵਾਲਾਂ ਨਾਲ ਮਿਲ ਕੇ ਇਸ ਹਾਦਸੇ ਦੀ ਨਿਰਪੱਖ ਤੇ ਵਿਸਥਾਰਤ ਜਾਂਚ ਕਰਵਾਉਣ ਦੀ ਮੰਗ ਕਰੇਗਾ।

ਰਾਜਦੂਤ ਦੀ ਗਿ੍ਫ਼ਤਾਰੀ ਲਈ ਈਰਾਨ ਮਾਫ਼ੀ ਮੰਗੇ : ਅਮਰੀਕਾ

ਅਮਰੀਕਾ ਨੇ ਸ਼ਨਿਚਰਵਾਰ ਨੂੰ ਈਰਾਨ ਸਰਕਾਰ ਤੋਂ ਮੰਗ ਕੀਤੀ ਕਿ ਉਹ ਦੇਸ਼ ਵਿਚ ਚੱਲ ਰਹੇ ਪ੍ਰਦਰਸ਼ਨਾਂ ਦੌਰਾਨ ਬਰਤਾਨੀਆ ਦੇ ਰਾਜਦੂਤ ਨੂੰ ਗਿ੍ਫ਼ਤਾਰ ਕਰਨ ਲਈ ਮਾਫ਼ੀ ਮੰਗੇ। ਅਮਰੀਕਾ ਨੇ ਕਿਹਾ ਹੈ ਕਿ ਇਹ ਵਿਆਨਾ ਕਨਵੈਨਸ਼ਨ ਦਾ ਉਲੰਘਣ ਹੈ। ਵਿਦੇਸ਼ ਵਿਭਾਗ ਦੇ ਬੁਲਾਰੇ ਮੌਰਗਨ ਓਰਟਾਗਸ ਨੇ ਟਵੀਟ ਕਰ ਕੇ ਕਿਹਾ ਕਿ ਈਰਾਨ ਦਾ ਕੌਮਾਂਤਰੀ ਕਾਨੂੰਨ ਤੋੜਨ ਦਾ ਪੁਰਾਣਾ ਇਤਿਹਾਸ ਹੈ। ਉਨ੍ਹਾਂ ਕਿਹਾ ਕਿ ਡਿਪਲੋਮੈਟਾਂ ਨੂੰ ਮਿਲੇ ਅਧਿਕਾਰਾਂ ਦਾ ਸਤਿਕਾਰ ਕਰਦੇ ਹੋਏ ਈਰਾਨ ਬਰਤਾਨੀਆ ਤੋਂ ਮਾਫ਼ੀ ਮੰਗੇ।