ਲੰਡਨ (ਰਾਇਟਰ) : ਬਰਤਾਨੀਆ ਦੀ ਦਿੱਗਜ ਹਵਾਬਾਜ਼ੀ ਕੰਪਨੀ ਬਿ੍ਟਿਸ਼ ਏਅਰਵੇਜ਼ ਦੇ ਕਰੀਬ 4300 ਪਾਇਲਟ ਤਨਖ਼ਾਹ ਵਾਧੇ ਦੀ ਮੰਗ ਨੂੰ ਲੈ ਕੇ ਸੋਮਵਾਰ ਤੋਂ 48 ਘੰਟੇ ਦੀ ਹੜਤਾਲ 'ਤੇ ਚਲੇ ਗਏ। ਇਸ ਕਾਰਨ ਕੰਪਨੀ ਨੂੰ ਕਰੀਬ 1700 ਉਡਾਣਾਂ ਰੱਦ ਕਰਨੀਆਂ ਪਈਆਂ। ਏਨੀ ਵੱਡੀ ਗਿਣਤੀ 'ਚ ਉਡਾਣਾਂ ਰੱਦ ਹੋਣ ਨਾਲ ਲਗਪਗ ਤਿੰਨ ਲੱਖ ਯਾਤਰੀਆਂ ਦੇ ਪ੍ਰਭਾਵਿਤ ਹੋਣ ਦਾ ਅਨੁਮਾਨ ਹੈ।

ਬਿ੍ਟਿਸ਼ ਏਅਰਵੇਜ਼ ਦੇ ਸੀਈਓ ਐਲੇਕਸ ਕਰੂਜ਼ ਨੇ ਬੀਬੀਸੀ ਟੀਵੀ ਨੂੰ ਕਿਹਾ, 'ਮੈਂ ਅਸਲ 'ਚ ਮਾਫ਼ੀ ਚਾਹੁੰਦਾ ਹਾਂ ਕਿ ਪਾਇਲਟਾਂ ਦੇ ਨਿੰਦਨਯੋਗ ਕਦਮ ਨੇ ਸਾਨੂੰ ਇਸ ਸਥਿਤੀ 'ਚ ਪਹੁੰਚਾ ਦਿੱਤਾ ਹੈ। ਇਸ ਦੀ ਸਜ਼ਾ ਗਾਹਕਾਂ ਨੂੰ ਮਿਲ ਰਹੀ ਹੈ। ਸਿ ਦੀ ਸਜ਼ਾ ਸਾਡੇ ਬ੍ਰਾਂਡ ਨੂੰ ਮਿਲਣ ਜਾ ਰਹੀ ਹੈ। ਏਅਰਲਾਈਨ ਪਾਇਲਟਾਂ ਨਾਲ ਸੁਲਾਹ ਲਈ ਰਾਜ਼ੀ ਹੈ।' ਜਦਕਿ ਪਾਇਲਟਾਂ ਦੇ ਸੰਗਠਨ ਬਿ੍ਟਿਸ਼ ਏਅਰਲਾਈਨ ਪਾਇਲਟ ਐਸੋਸੀਏਸ਼ਨ (ਬੀਏਐੱਲਪੀਏ) ਦੇ ਜਨਰਲ ਸਕੱਤਰ ਬ੍ਰਾਇਨ ਸਟ੍ਟਨ ਨੇ ਕਿਹਾ, 'ਬਿ੍ਟਿਸ਼ ਏਅਰਵੇਜ਼ ਇਸ ਸਮੇਂ ਮੁਨਾਫ਼ੇ ਦੇ ਦੌਰ 'ਚ ਹੈ। ਇਸ ਲਈ ਅਸੀਂ ਇਸ ਮੁਨਾਫ਼ੇ ਨੂੰ ਉਸੇ ਤਰ੍ਹਾਂ ਸਾਂਝਾ ਕਰਨਾ ਚਾਹੁੰਦੇ ਹਾਂ, ਜਿਸ ਤਰ੍ਹਾਂ ਅਸੀਂ ਉਸ ਦੇ ਬੁਰੇ ਦੌਰ ਦੇ ਦਰਦ ਨੂੰ ਸਾਂਝਾ ਕੀਤਾ ਸੀ। ਪਾਇਲਟ ਸਮਝੌਤੇ ਦੇ ਇਛੁੱਕ ਹਨ, ਪਰ ਬਿ੍ਟਿਸ਼ ਏਅਰਵੇਜ਼ ਤਿਆਰ ਨਹੀਂ ਹੈ।'

ਸਾਲਾਨਾ 80 ਲੱਖ ਕਮਾਉਂਦੇ ਹਨ ਪਾਇਲਟ

ਬਿ੍ਟਿਸ਼ ਏਅਰਵੇਜ਼ ਦੇ ਪਾਇਲਟ ਸਾਲਾਨਾ ਔਸਤਨ 90 ਹਜ਼ਾਰ ਪੌਂਡ (ਕਰੀਬ 80 ਲੱਖ ਰੁਪਏ) ਕਮਾਉਂਦੇ ਹਨ। ਏਅਰਵੇਜ਼ ਨੇ ਬੀਤੀ ਜੁਲਾਈ 'ਚ ਆਪਣੇ ਪਾਇਲਟਾਂ ਨੂੰ ਤਨਖ਼ਾਹ 'ਚ ਤਿੰਨ ਸਾਲ ਦੌਰਾਨ 11.5 ਫ਼ੀਸਦੀ ਵਾਧੇ ਦਾ ਪ੍ਰਸਤਾਵ ਦਿੱਤਾ ਹੈ। ਬੀਏਐੱਲਪੀਏ ਨੇ ਇਹ ਪ੍ਰਸਤਾਵ ਠੁਕਰਾ ਦਿੱਤਾ ਹੈ। ਉਹ ਮੁਨਾਫ਼ਾ ਵੀ ਸਾਂਝਾ ਕਰਨ ਦੀ ਮੰਗ ਕਰ ਰਹੀ ਹੈ। ਮੰਗਾਂ ਪੂਰੀਆਂ ਨਾ ਹੋਣ 'ਤੇ ਪਾਇਲਟਾਂ ਦੀ 27 ਸਤੰਬਰ ਨੂੰ ਵੀ ਹੜਤਾਲ ਪ੍ਰਸਤਾਵਿਤ ਹੈ।

ਫੋਨ ਕਾਲ ਤੇ ਟਵੀਟ ਦਾ ਆਇਆ ਹੜ੍ਹ

ਬਿ੍ਟਿਸ਼ ਏਅਰਵੇਜ਼ ਨੇ ਦੱਸਿਆ ਕਿ ਪਿਛਲੇ ਮਹੀਨੇ ਮਹੀਨੇ ਹੜਤਾਲ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਬਾਅਦ ਤੋਂ ਉਸ ਕੋਲ ਕਰੀਬ ਇਕ ਲੱਖ 10 ਹਜ਼ਾਰ ਟਵੀਟ ਤੇ ਚਾਰ ਲੱਖ ਫੋਨ ਕਾਲ ਆ ਚੁੱਕੇ ਹਨ।