ਲੰਡਨ (ਪੀਟੀਆਈ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸਰਕਾਰ ਨੂੰ ਜ਼ਿਮਨੀ ਚੋਣ 'ਚ ਵੱਡਾ ਝਟਕਾ ਲੱਗਾ ਹੈ। ਵੇਲਸ ਜ਼ਿਮਨੀ ਚੋਣ 'ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਕ੍ਰਿਸ ਡੇਵਿਸ ਦੀ ਹਾਰ ਤੋਂ ਬਾਅਦ ਸਰਕਾਰ ਨਾਜ਼ੁਕ ਸਥਿਤੀ 'ਚ ਪਹੁੰਚ ਗਈ ਹੈ। ਥੈਰੇਸਾ ਮੇ ਦੇ ਅਸਤੀਫ਼ੇ ਤੋਂ ਬਾਅਦ ਪੀਐੱਮ ਬਣੇ ਜੌਨਸਨ ਸੰਸਦ 'ਚ ਆਪਣਾ ਬਹੁਮਤ ਗੁਆ ਸਕਦੇ ਹਨ। 650 ਮੈਂਬਰਾਂ ਵਾਲੀ ਸੰਸਦ 'ਚ ਕੰਜ਼ਰਵੇਟਿਵ ਪਾਰਟੀ ਦੇ 310 ਤੇ ਡੈਮੋਕੇ੍ਟਿਕ ਯੂਨੀਅਨ ਪਾਰਟੀ (ਡੀਯੂਪੀ) ਦੇ 10 ਮੈਂਬਰਾਂ ਨੂੰ ਮਿਲਾ ਕੇ ਜੌਨਸਨ ਕੋਲ 320 ਸੰਸਦ ਮੈਂਬਰਾਂ ਦੀ ਹਮਾਇਤ ਹੈ। ਜਦਕਿ ਵਿਰੋਧੀ ਦਲਾਂ ਦੇ 319 ਮੈਂਬਰ ਹਲਉਂ

ਵੇਲਸ ਦੀ ਬ੍ਰੇਕਨ ਐਂਡ ਰੈਡਨੋਸ਼ਾਇਰ ਸੀਟ ਲਈ ਹੋਈ ਜ਼ਿਮਨੀ ਚੋਣ 'ਚ ਲਿਬਰਲ ਡੈਮੋਕ੍ਰੇਟ ਆਗੂ ਜੇਨ ਡਾਡਸ ਨੇ ਕ੍ਰਿਸ ਨੂੰ 1425 ਵੋਟਾਂ ਨਾਲ ਹਰਾਇਆ। ਖ਼ਰਚ 'ਚ ਗੜਬੜੀ ਦੇ ਮਾਮਲੇ 'ਚ ਦੋਸ਼ੀ ਪਾਏ ਜਾਣ ਤੋਂ ਕ੍ਰਿਸ ਨੂੰ ਆਪਣੀ ਸੀਟ ਛੱਡਣੀ ਪਈ ਸੀ। ਇਸ ਤੋਂ ਬਾਅਦ ਵੀ ਪਾਰਟੀ ਨੇ ਜ਼ਿਮਨੀ ਚੋਣ 'ਚ ਉਨ੍ਹਾਂ ਨੂੰ ਉਮੀਦਵਾਰ ਬਣਾਇਆ। ਇਹ ਚੋਣ ਜੌਨਸਨ ਲਈ ਪਹਿਲੀ ਚੁਣੌਤੀ ਮੰਨੀ ਜਾ ਰਹੀ ਸੀ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਨਵੇਂ ਪ੍ਰਧਾਨ ਮੰਤਰੀ ਨੂੰ ਅਹੁਦਾ ਸੰਭਾਲਣ ਦੇ ਏਨੇ ਘੱਟ ਦਿਨਾਂ 'ਚ ਹੀ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਜਿੱਤ ਤੋਂ ਬਾਅਦ ਡਾਡਸ ਨੇ ਕਿਹਾ, 'ਮੇਰਾ ਪਹਿਲਾ ਕੰਮ ਜੌਨਸਨ ਨੂੰ ਲੱਭ ਕੇ ਉਨ੍ਹਾਂ ਨੂੰ ਇਹ ਦੱਸਣਾ ਹੈ ਕਿ ਉਹ ਸਾਡੇ ਦੇਸ਼ ਦੇ ਭਵਿੱਖ ਨਾਲ ਖੇਡਣਾ ਬੰਦ ਕਰਨ।' ਅਸਲ 'ਚ ਜੌਨਸਨ ਨੇ 31 ਅਕਤੂਬਰ ਤਕ ਬਿਨਾਂ ਕਿਸੇ ਸਮਝੌਤੇ ਦੇ ਵੀ ਬ੍ਰੈਗਜ਼ਿਟ ਦੀ ਗੱਲ ਕੀਤੀ ਹੈ। ਵਿਰੋਧੀ ਧਿਰ ਦੇ ਨਾਲ ਹੀ ਕੰਜ਼ਰਵੇਟਿਵ ਪਾਰਟੀ ਦੇ ਕੁਝ ਐੱਮਪੀ ਵੀ ਇਸਦੇ ਵਿਰੋਧ 'ਚ ਹਨ।

ਡਾਡਸ ਦੀ ਜਿੱਤ ਤੋਂ ਖ਼ੁਸ਼ ਲਿਬਰਲ ਡੈਮੋਕ੍ਰੇਟ ਨੇਤਾ ਜੋ ਸਵਿੰਸਨ ਨੇ ਕਿਹਾ, 'ਜੌਨਸਨ ਦਾ ਘਟਦਾ ਬਹੁਮਤ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਕੋਲ ਬਰਤਾਨੀਆ ਨੂੰ ਯੂਰਪੀ ਯੂਨੀਅਨ ਤੋਂ ਬਾਹਰ ਕੱਢਣ ਦੀ ਹਮਾਇਤ ਨਹੀਂ ਹੈ।' ਲਿਬਰਲ ਡੈਮੋਕ੍ਰੇਟ ਪਾਰਟੀ ਬ੍ਰੈਗਜ਼ਿਟ 'ਤੇ ਦੁਬਾਰਾ ਰਾਇਸ਼ੁਮਾਰੀ ਦੀ ਮੰਗ ਕਰ ਰਹੀ ਹੈ।