ਲੰਡਨ (ਪੀਟੀਆਈ) : ਬਰਤਾਨੀਆ ਦੇ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸਰਕਾਰੀ ਰਿਹਾਇਸ਼ ਡਾਊਨਿੰਗ ਸਟਰੀਟ ਦੇ ਫਲੈਟ ਦੇ ਦੀ ਨਵੇਂ ਸਿਰੇ ਤੋਂ ਸਜਾਵਟ ਲਈ ਫੰਡਿੰਗ ਦੀ ਰਸਮੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜਿਹੇ ਦੋਸ਼ ਲੱਗ ਰਹੇ ਹਨ ਕਿ ਪੀਐੱਮ ਜੌਨਸਨ ਦੀ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੂੰ ਮਿਲੀ ਦਾਨ ਰਾਸ਼ੀ ਇਸ 'ਤੇ ਖਰਚ ਕੀਤੀ ਗਈ ਹੈ।

ਬਰਤਾਨੀਆ ਦੇ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਉਹ ਪਿਛਲੇ ਇਕ ਮਹੀਨੇ ਤੰ ਟੋਰੀ ਪਾਰਟੀ ਦੇ ਸੰਪਰਕ 'ਚ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਲੱਗਾ ਕਿ ਪ੍ਰਧਾਨ ਮੰਤਰੀ ਜੌਨਸਨ ਵੱਲੋਂ ਇਸਤੇਮਾਲ ਕੀਤੇ ਜਾਣ ਵਾਲੇ ਫਲੈਟ ਦੇ ਉਪਰ ਸਥਿਤ 11 ਡਾਊਨਿੰਗ ਸਟਰੀਟ 'ਚ ਫੇਰਬਦਲ ਬਾਰੇ ਸ਼ੱਕ ਪ੍ਰਗਟਾਏ ਜਾਣ ਲਈ ਠੋਸ ਆਧਾਰ ਹੈ।

ਚੋਣ ਕਮਿਸ਼ਨ ਦੀ ਬੁਲਾਰਨ ਨੇ ਦੱਸਿਆ ਕਿ ਅਸੀਂ ਇਕ ਮਹੀਨੇ ਤੋਂ ਮਿਲੀਆਂ ਜਾਣਕਾਰੀਆਂ ਦਾ ਮੁਲਾਂਕਣ ਕੀਤਾ ਹੈ। ਇਸ ਲਈ ਅਸੀਂ ਹੁਣ ਇਸ ਜਾਂਚ ਨੂੰ ਰਸਮੀ ਤੌਰ 'ਤੇ ਸ਼ੁਰੂ ਕਰ ਰਹੇ ਹਾਂ। ਜਾਂਚ ਪੂਰੀ ਹੋਣ ਤੋਂ ਬਾਅਦ ਇਹ ਤੈਅ ਹੋਵੇਗਾ ਕਿ 11 ਡਾਊਨਿੰਗ ਸਟਰੀਟ 'ਚ ਹੋਏ ਕੰਮ ਲਈ ਕੀ ਰਕਮ ਦਾ ਅਜਿਹਾ ਕੋਈ ਲੈਣ-ਦੇਣ ਹੋਇਆ ਹੈ ਜੋ ਚੋਣ ਕਮਿਸ਼ਨ ਦੇ ਮਾਪਦੰਡਾਂ ਮੁਤਾਬਕ ਨਾ ਹੋਵੇ। ਨਾਲ ਹੀ ਇਹ ਵੀ ਸਾਫ਼ ਹੋਵੇਗਾ ਕਿ ਜੋ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਸਨ ਉਨ੍ਹਾਂ 'ਚ ਕੋਈ ਸੱਚਾਈ ਹੈ ਜਾਂ ਨਹੀਂ। ਉਨ੍ਹਾਂ ਕਿਹਾ ਕਿ ਹੁਣ ਇਸ ਜਾਂਚ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ। ਹੁਣ ਜੋ ਵੀ ਜਾਣਕਾਰੀ ਸਾਹਮਣੇ ਆਵੇਗੀ ਉਹ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਹਮਣੇ ਆਵੇਗੀ।