ਲੰਡਨ (ਏਜੰਸੀ) : ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐੱਸ) ਨਾਲ ਜੁੜਨ ਵਾਲੇ ਨੌਜਵਾਨ ਜੈਕਲੇਟਸ (24) ਦੀ ਬਿ੍ਟਿਸ਼ ਨਾਗਰਿਕਤਾ ਖੋਹ ਲਈ ਗਈ ਹੈ। ਜੈਕ 2014 ਵਿਚ 18 ਸਾਲ ਦੀ ਉਮਰ ਵਿਚ ਆਕਸਫੋਰਡਸ਼ਾਇਰ ਦੇ ਸਕੂਲ ਤੋਂ ਭੱਜ ਕੇ ਸੀਰੀਆ ਦੇ ਰੱਕਾ ਆਈਐੱਸ ਨਾਲ ਜੁੜ ਗਿਆ ਸੀ। ਜੰਗ ਦੌਰਾਨ 2017 ਵਿਚ ਤੁਰਕੀ 'ਚ ਭੱਜਦੇ ਸਮੇਂ ਉਸ ਨੂੰ ਕੁਦਿ੍ਸ਼ਾ ਫ਼ੌਜ ਨੇ ਫੜ ਲਿਆ ਸੀ। ਉਸ ਨੇ 16 ਸਾਲ ਦੀ ਉਮਰ ਵਿਚ ਇਸਲਾਮ ਧਰਮ ਅਪਣਾ ਲਿਆ ਸੀ।

ਸਥਾਨਕ ਮੀਡੀਆ ਅਨੁਸਾਰ ਬਿ੍ਟਿਸ਼ ਸਰਕਾਰ ਨੇ ਹਾਲ ਵਿਚ ਜੈਕ ਦੀ ਬਿ੍ਟਿਸ਼ ਨਾਗਰਿਕਤਾ ਖ਼ਤਮ ਕਰ ਦਿੱਤੀ। ਗ੍ਹਿ ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਹ ਕਦਮ ਦੇਸ਼ ਨੂੰ ਅੱਤਵਾਦ ਤੋਂ ਦੂਰ ਰੱਖਣ ਲਈ ਚੁੱਕਿਆ ਗਿਆ ਹੈ। ਅੱਤਵਾਦੀ ਸੰਗਠਨ ਨਾਲ ਜੁੜਨ ਵਾਲੇ ਬੇਟੇ ਨੂੰ ਆਰਥਿਕ ਮਦਦ ਦਾ ਦੋਸ਼ੀ ਪਾਏ ਜਾਣ 'ਤੇ ਇਸ ਸਾਲ ਜੂਨ ਵਿਚ ਜੈਕ ਦੇ ਮਾਂ-ਬਾਪ ਨੂੰ 15 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਪਿਤਾ ਦੇ ਕੈਨੇਡਾ ਦਾ ਨਾਗਰਿਕ ਹੋਣ ਕਾਰਨ ਜੈਕ ਨੂੰ ਕੈਨੇਡਾ ਦੀ ਨਾਗਰਿਕਤਾ ਵੀ ਮਿਲੀ ਹੈ। ਇਸ ਤਰ੍ਹਾਂ ਦੇ ਇਕ ਹੋਰ ਮਾਮਲੇ ਵਿਚ ਇਸ ਸਾਲ ਬਿ੍ਟਿਸ਼ ਕੁੜੀ ਸ਼ਮੀਮਾ ਬੇਗ਼ਮ ਦੀ ਨਾਗਰਿਕਤਾ ਵੀ ਖ਼ਤਮ ਕਰ ਦਿੱਤੀ ਗਈ ਸੀ। ਉਸ ਨੇ ਸੀਰੀਆ ਜਾ ਕੇ ਇਕ ਅੱਤਵਾਦੀ ਨਾਲ ਵਿਆਹ ਕਰਵਾ ਲਿਆ ਸੀ।