ਲੰਡਨ (ਪੀਟੀਆਈ) : ਬਰਤਾਨੀਆ 'ਚ ਯੂਰਪੀ ਯੂਨੀਅਨ (ਈਯੂ) ਨਾਲ ਹੋਏ ਬ੍ਰੈਗਜ਼ਿਟ ਸਮਝੌਤੇ ਨੂੰ ਨਕਾਰਨ ਵਾਲੇ ਵਿਵਾਦਤ ਬਿੱਲ ਨੂੰ ਹਾਊਸ ਆਫ ਕਾਮਨਜ਼ ਨੇ ਪਾਸ ਕਰ ਦਿੱਤਾ ਹੈ। ਹੁਣ ਇਹ ਬਿੱਲ ਸੰਸਦ ਦੇ ਉੱਚ ਸਦਨ ਹਾਊਸ ਆਫ ਲਾਰਡਜ਼ 'ਚ ਜਾਵੇਗਾ। ਇਸ ਬਿੱਲ ਦੇ ਕਾਨੂੰਨ ਦਾ ਰੂਪ ਲੈਣ 'ਤੇ ਬਰਤਾਨੀਆ ਆਪਣੀ ਮਰਜ਼ੀ ਮੁਤਾਬਕ ਵਪਾਰ ਸਮਝੌਤੇ ਤੇ ਹੋਰ ਕਦਮ ਉਠਾ ਸਕੇਗਾ। ਈਯੂ ਦਾ ਉਸ ਦੇ ਫ਼ੈਸਲਿਆਂ 'ਚ ਕੋਈ ਦਖ਼ਲ ਨਹੀਂ ਰਹੇਗਾ। ਬਰਤਾਨਵੀ ਸੰਸਦ ਦੇ ਤਾਜ਼ਾ ਫ਼ੈਸਲੇ ਨਾਲ ਬਰਤਾਨੀਆ ਤੇ ਬਾਕੀ ਯੂਰਪ ਦੇ ਸਦੀਆਂ ਪੁਰਾਣੇ ਸਬੰਧਾਂ 'ਚ ਤਰੇੜ ਆ ਗਈ ਹੈ। ਇਸ ਦਾ ਅਸਰ ਆਉਣ ਵਾਲੇ ਸਮੇਂ 'ਚ ਹੋਰ ਜ਼ਿਆਦਾ ਭਿਆਨਕ ਰੂਪ 'ਚ ਦਿਖਾਈ ਦੇ ਸਕਦਾ ਹੈ।

ਸੱਤਾਧਾਰੀ ਤੇ ਵਿਰੋਧੀ ਧਿਰ ਤੇ ਈਯੂ 'ਚੋਂ ਉੱਠ ਰਹੇ ਤਿੱਖੇ ਵਿਰੋਧ ਵਿਚਾਲੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਤੋਂ ਇੰਟਰਨਲ ਮਾਰਕੀਟ ਬਿੱਲ ਪਾਸ ਕਰਵਾ ਲਿਆ। ਬਿੱਲ ਦੀ ਹਮਾਇਤ 'ਚ 340 ਜਦਕਿ ਵਿਰੋਧ 'ਚ 263 ਸੰਸਦ ਮੈਂਬਰਾਂ ਨੇ ਵੋਟਾਂ ਪਾਈਆਂ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਦੋ ਸੰਸਦ ਮੈਂਬਰਾਂ ਸਰ ਰੋਜ਼ਰ ਗੇਲ ਤੇ ਐਂਡਰਿਊ ਪਰਸੀ ਨੇ ਬਿੱਲ ਖ਼ਿਲਾਫ਼ ਵੋਟ ਪਾਈ ਜਦਕਿ 30 ਸੰਸਦ ਮੈਂਬਰਾਂ ਨੇ ਵੋਟਾਂ ਦਾ ਵਿਰੋਧ ਕੀਤਾ। ਸਰਕਾਰ ਨੇ ਕਿਹਾ ਕਿ ਇਹ ਬਿੱਲ ਬਰਤਾਨੀਆ ਤੇ ਉੱਤਰੀ ਆਇਰਲੈਂਡ ਦੇ ਸਾਰੇ ਜਾਇਜ਼ ਅਧਿਕਾਰਾਂ ਦੀ ਰੱਖਿਆ ਕਰੇਗਾ। ਇਸ ਬਿੱਲ ਦੇ ਕਾਨੂੰਨ ਦਾ ਰੂਪ ਲੈਣ ਤੋਂ ਬਾਅਦ ਬਰਤਾਨੀਆ ਤੇ ਉੱਤਰੀ ਆਇਰਲੈਂਡ ਈਯੂ ਨਾਲ ਵਪਾਰ ਸਮਝੌਤਾ ਕਰ ਸਕਣਗੇ ਪਰ ਆਲੋਚਕਾਂ ਨੇ ਕਿਹਾ ਕਿ ਬਰਤਾਨੀਆ ਕੌਮਾਂਤਰੀ ਨਿਯਮਾਂ ਨੂੰ ਤੋੜ ਕੇ ਨਵਾਂ ਕਾਨੂੰਨ ਬਣਾਉਣ ਜਾ ਰਿਹਾ ਹੈ। ਉਸ ਨੇ ਈਯੂ ਨਾਲ ਹੋਏ ਸਮਝੌਤੇ ਨੂੰ ਬਿਨਾਂ ਵਿਚਾਰ-ਚਰਚਾ ਕੀਤੇ ਇਕਤਰਫ਼ਾ ਤੋੜਨ ਦਾ ਕਦਮ ਉਠਾਇਆ ਹੈ। ਇਸ ਦਾ ਦੁਨੀਆ 'ਚ ਗ਼ਲਤ ਸੁਨੇਹਾ ਗਿਆ ਹੈ।

ਇਸ ਤੋਂ ਪਹਿਲਾਂ ਬਰਤਾਨੀਆ ਨੇ ਈਯੂ ਨਾਲ ਸਮਝੌਤਾ ਕਰ ਕੇ 31 ਜਨਵਰੀ ਨੂੰ 28 ਮੈਂਬਰ ਦੇਸ਼ਾਂ ਵਾਲਾ ਗਰੁੱਪ ਛੱਡਿਆ ਸੀ। ਸਮਝੌਤੇ ਅਨੁਸਾਰ 31 ਦਸੰਬਰ 2020 ਤਕ ਦੋਵੇਂ ਧਿਰਾਂ ਨੂੰ ਨਵਾਂ ਵਪਾਰ ਸਮਝੌਤਾ ਕਰਨਾ ਸੀ ਪਰ ਕੋਵਿਡ ਮਹਾਮਾਰੀ ਕਾਰਨ ਕਈ ਮਹੀਨਿਆਂ ਬਾਅਦ ਸੱਤ ਸਤੰਬਰ ਨੂੰ ਵਪਾਰ ਸਮਝੌਤੇ 'ਤੇ ਨਵੇਂ ਪੜਾਅ ਦੀ ਵਾਰਤਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਰਤਾਨੀਆ ਨੇ ਇਸ ਨੂੰ ਹਟਾਉਣ ਦੇ ਸੰਕੇਤ ਦੇ ਦਿੱਤੇ। ਕਿਹਾ, ਪਿਛਲੇ ਪੜਾਵਾਂ ਦੀਆਂ ਵਾਰਤਾ ਨੂੰ ਠੇਸ ਪੁੱਜਣ ਦਾ ਖ਼ਤਰਾ ਪੈਦਾ ਹੋ ਗਿਆ ਹੈ। ਵਾਰਤਾ ਸ਼ੁਰੂ ਹੋਣ ਦੇ ਨਾਲ ਹੀ ਬਰਤਾਨਵੀ ਸਰਕਾਰ ਨੇ ਸੰਸਦ 'ਚ ਬਿੱਲ ਪੇਸ਼ ਕਰ ਦਿੱਤਾ, ਜਿਸ ਨਾਲ ਦੋਵੇਂ ਧਿਰਾਂ 'ਚ ਅੜਿੱਕਾ ਪੈਦਾ ਹੋ ਗਿਆ ਤੇ ਗੱਲਬਾਤ ਅਸਫਲ ਹੋ ਗਈ।