ਲੰਡਨ (ਏਜੰਸੀ) : ਕੋਰੋਨਾ ਮਹਾਮਾਰੀ ਦੀਆਂ ਦੋ ਲਹਿਰਾਂ ਦਾ ਸਾਹਮਣਾ ਕਰ ਚੁੱਕੇ ਬਰਤਾਨੀਆ 'ਚ ਇਸ ਵਾਇਰਸ ਦਾ ਕਹਿਰ ਫਿਰ ਤੇਜ਼ੀ ਨਾਲ ਵਧਣ ਲੱਗਿਆ ਹੈ। ਬੀਤੇ 24 ਘੰਟਿਆਂ 'ਚ 32 ਹਜ਼ਾਰ 551 ਨਵੇਂ ਮਾਮਲੇ ਪਾਏ ਗਏ। ਇਹ ਲਗਾਤਾਰ ਦੂਜਾ ਦਿਨ ਹੈ, ਜਦੋਂ ਇਸ ਦੇਸ਼ 'ਚ 32 ਹਜ਼ਾਰ ਤੋਂ ਵੱਧ ਨਵੇਂ ਇਨਫੈਕਟਿਡ ਪਾਏ ਗਏ। ਏਧਰ, ਰੂਸ 'ਚ ਵੀ ਇਨਫੈਕਸ਼ਨ ਵਧ ਰਿਹਾ ਹੈ। ਬੀਤੀ ਜਨਵਰੀ ਤੋਂ ਬਾਅਦ ਪਹਿਲੀ ਵਾਰ 25 ਹਜ਼ਾਰ ਤੋਂ ਵੱਧ ਨਵੇਂ ਕੇਸ ਪਾਏ ਗਏ। ਇਨ੍ਹਾਂ ਦੋਵਾਂ ਦੇਸ਼ਾਂ 'ਚ ਕੋਰੋਨਾ ਡੈਲਟਾ ਵੇਰੀਐਂਟ ਕਾਰਨ ਨਵੇਂ ਮਾਮਲਿਆਂ 'ਚ ਉਛਾਲ ਦੱਸਿਆ ਜਾ ਰਿਹਾ ਹੈ।

ਬਰਤਾਨਵੀ ਸਰਕਾਰ ਦੇ ਡਾਟੇ ਮੁਤਾਬਕ ਬੀਤੇ 24 ਘੰਟਿਆਂ 'ਚ 32 ਹਜ਼ਾਰ 551 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋਣ ਨਾਲ ਕੁਲ ਮਾਮਲਿਆਂ ਦੀ ਗਿਣਤੀ 50 ਲੱਖ ਤੋਂ ਪਾਰ ਪਹੁੰਚ ਗਈ ਹੈ। ਇਸ ਸਮੇਂ ਦੌਰਾਨ 35 ਪੀੜਤਾਂ ਦੇ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 28 ਹਜ਼ਾਰ 336 ਹੋ ਗਈ ਹੈ। ਇਸ ਯੂਰਪੀ ਦੇਸ਼ 'ਚ ਹੁਣ ਤਕ ਤਿੰਨ ਕਰੋੜ 41 ਲੱਖ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖ਼ੁਰਾਕਾਂ ਲੱਗ ਚੁੱਕੀਆਂ ਹਨ। ਏਧਰ ਨਿਊਜ਼ ਏਜੰਸੀ ਰਾਇਟਰ ਮੁਤਾਬਕ, ਰੂਸ 'ਚ ਬੀਤੇ 24 ਘੰਟਿਆਂ 'ਚ 25 ਹਜ਼ਾਰ 766 ਨਵੇਂ ਮਾਮਲੇ ਪਾਏ ਗਏ ਤੇ 726 ਮਰੀਜ਼ਾਂ ਦੀ ਮੌਤ ਹੋ ਗਈ। ਬੀਤੀ ਦੋ ਜਨਵਰੀ ਤੋਂ ਬਾਅਦ ਪਹਿਲੀ ਪਾਰ ਇਕ ਦਿਨ 'ਚ ਏਨੀ ਵੱਡੀ ਗਿਣਤੀ 'ਚ ਨਵੇਂ ਕੇਸ ਪਾਏ ਗਏ।

ਇੰਡੋਨੇਸ਼ੀਆ 'ਚ ਡੈਲਟਾ ਦਾ ਵਧਿਆ ਕਹਿਰ

ਏਐੱਨਆਈ ਮੁਤਾਬਕ, ਇੰਡੋਨੇਸ਼ੀਆ 'ਚ ਡੈਲਟਾ ਵਾਇਰਸ ਦਾ ਕਹਿਰ ਵਧ ਗਿਆ ਹੈ। ਬੀਤੇ 24 ਘੰਟਿਆਂ 'ਚ ਰਿਕਾਰਡ 1,040 ਮਰੀਜ਼ਾਂ ਦੀ ਜਾਨ ਚਲੀ ਗਈ। 27 ਕਰੋੜ ਦੀ ਅਬਾਦੀ ਵਾਲੇ ਇਸ ਦੇਸ਼ 'ਚ ਅਜੇ ਸਿਰਫ਼ ਪੰਜ ਫ਼ੀਸਦੀ ਲੋਕਾਂ ਦਾ ਹੀ ਟੀਕਾਕਰਨ ਪੂਰਾ ਹੋ ਸਕਿਆ ਹੈ।

Posted By: Jatinder Singh