ਲੰਡਨ (ਏਐੱਫਪੀ) : ਰੂਸ ਦੇ ਸਾਬਕਾ ਰਾਸ਼ਟਰਪਤੀ ਬੋਰਿਸ ਯੇਲਤਸਿਨ ਨੂੰ 1995 'ਚ ਪਏ ਦਿਲ ਦੇ ਦੌਰੇ ਅਤੇ ਉਨ੍ਹਾਂ ਦੀ ਅਤਿ-ਅਧਿਕ ਸ਼ਰਾਬ ਪੀਣ ਦੀ ਆਦਤ ਤੋਂ ਬਰਤਾਨੀਆ ਬਹੁਤ ਜ਼ਿਆਦਾ ਚਿੰਤਤ ਸੀ। ਇਹੀ ਕਾਰਨ ਸੀ ਕਿ ਬਰਤਾਨੀਆ ਨੇ ਯੇਲਤਸਿਨ ਦੀ ਰਾਸ਼ਟਰਪਤੀ ਦਫ਼ਤਰ ਵਿਚ ਹੀ ਮੌਤ ਹੋ ਜਾਣ ਦੀ ਸਥਿਤੀ ਵਿਚ ਅਚਾਨਕ ਯੋਜਨਾਵਾਂ ਵੀ ਤਿਆਰ ਕਰ ਲਈਆਂ ਸਨ। ਇਸ ਘਟਨਾਕ੍ਰਮ ਨਾਲ ਜੁੜੀਆਂ ਫਾਈਲਾਂ ਮੰਗਲਵਾਰ ਨੂੰ ਇਥੇ ਜਨਤਕ ਕੀਤੇ ਜਾਣ ਪਿੱਛੋਂ ਇਹ ਜਾਣਕਾਰੀ ਸਾਹਮਣੇ ਆਈ ਹੈ।

ਬਰਤਾਨੀਆ ਦੇ ਰਾਸ਼ਟਰੀ ਲੇਖਾਕਾਰ ਵਿਭਾਗ ਤੋਂ ਜਾਰੀ ਦਸਤਾਵੇਜ਼ਾਂ ਅਨੁਸਾਰ ਯੇਲਤਸਿਨ ਨੂੰ ਦੂਜਾ ਦਿਲ ਦਾ ਦੌਰਾ ਪੈਣ ਪਿੱਛੋਂ ਹੀ ਵਿਦੇਸ਼ ਮੰਤਰਾਲੇ ਨੇ ਸ਼ੋਕ ਪ੍ਰਗਟਾਵੇ ਵਾਲੇ ਬਿਆਨਾਂ ਦਾ ਮਸੌਦਾ ਤਿਆਰ ਕਰ ਲਿਆ ਸੀ। ਰੂਸ ਦੇ ਤੱਤਕਾਲੀ ਰਾਸ਼ਟਰਪਤੀ ਦੀ ਤਬੀਅਤ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ 23 ਅਕਤੂਬਰ, 1995 ਨੂੰ ਉਨ੍ਹਾਂ ਨੇ ਨਿਊਯਾਰਕ ਵਿਚ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ ਨਾਲ ਇਕ ਸਿਖਰ ਮੀਟਿੰਗ ਵਿਚ ਹਿੱਸਾ ਲਿਆ ਅਤੇ ਤਿੰਨ ਦਿਨ ਪਿੱਛੋਂ ਹੀ ਦਿਲ ਦੀ ਬਿਮਾਰੀ ਕਾਰਨ ਉਨ੍ਹਾਂ ਨੂੰ ਮਾਸਕੋ ਦੇ ਇਕ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਯੇਲਤਸਿਨ ਦੀ ਬਿਮਾਰੀ 'ਤੇ ਉਸ ਸਮੇਂ ਮਾਸਕੋ ਵਿਚ ਬਰਤਾਨੀਆ ਦੇ ਰਾਜਦੂਤ ਰਹੇ ਐਂਡਰਿਊ ਵੁੱਡ ਨੇ ਕਿਹਾ ਸੀ ਕਿ ਨਿਊਯਾਰਕ ਵਿਚ ਕਲਿੰਟਨ ਨਾਲ ਸਿਖਰ ਮੀਟਿੰਗ ਦੌਰਾਨ ਉਨ੍ਹਾਂ ਨੇ ਨਾ ਕੇਵਲ ਸ਼ਰਾਬ ਅਤੇ ਬੀਅਰ ਦਾ ਜੰਮ ਕੇ ਸੇਵਨ ਕੀਤਾ ਸਗੋਂ ਵਿਸ਼ੇਸ਼ ਤਰ੍ਹਾਂ ਦੀ ਬਰਾਂਡੀ ਨਾ ਹੋਣ 'ਤੇ ਅਫ਼ਸੋਸ ਵੀ ਪ੍ਰਗਟਾਇਆ। ਕਲਿੰਟਨ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਵੀ ਉਹ ਨਸ਼ੇ ਵਿਚ ਸਨ। ਤੱਤਕਾਲੀ ਬਿ੍ਟਿਸ਼ ਪ੍ਰਧਾਨ ਮੰਤਰੀ ਜੋਹਨ ਮੇਜਰ ਨੇ ਸਿਹਤ ਲਾਭ ਲੈ ਰਹੇ ਯੇਲਤਸਿਨ ਨੂੰ ਭੇਜੇ ਇਕ ਸੰਦੇਸ਼ ਵਿਚ ਕਿਹਾ ਸੀ ਕਿ ਤੁਸੀਂ ਆਪਣੇ ਆਪ ਨੂੰ ਘਰੇਲੂ ਅਤੇ ਵਿਦੇਸ਼ੀ ਦੋਵਾਂ ਹੀ ਮਾਮਲਿਆਂ ਵਿਚ ਕਾਫ਼ੀ ਰੁਝੇਵਿਆਂ ਵਿਚ ਰੱਖਿਆ ਹੈ। ਉਮੀਦ ਹੈ ਕਿ ਤੁਸੀਂ ਸਿਹਤਮੰਦ ਹੋ ਕੇ ਫਿਰ ਸਰਗਰਮ ਹੋਵੋਗੇ।

ਉਸੇ ਸਾਲ 27 ਅਕਤੂਬਰ ਨੂੰ ਬਿ੍ਟਿਸ਼ ਰਾਜਦੂਤ ਵੁੱਡ ਨੂੰ ਇਕ ਰੂਸੀ ਡਿਪਲੋਮੈਟ ਨੇ ਕਿਹਾ ਸੀ ਕਿ ਜੇਕਰ ਯੇਲਤਸਿਨ ਦਾ ਅਚਾਨਕ ਦੇਹਾਂਤ ਹੋ ਜਾਂਦਾ ਹੈ ਤਾਂ ਸਾਨੂੰ ਅਸਾਧਾਰਨ ਸਿਆਸੀ ਦੁਬਿਧਾ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਇਕ ਮਹੀਨੇ ਪਿੱਛੋਂ ਵਿਦੇਸ਼ ਦਫ਼ਤਰ ਨੇ ਬਿ੍ਟਿਸ਼ ਪ੍ਰਧਾਨ ਮੰਤਰੀ ਦੇ ਅਧਿਕਾਰਕ ਨਿਵਾਸ (10 ਡਾਊਨਿੰਗ ਸਟ੍ਰੀਟ) ਨੂੰ ਭੇਜੇ ਇਕ ਪੱਤਰ ਵਿਚ ਲਿਖਿਆ ਕਿ ਯੇਲਤਸਿਨ ਠੀਕ ਹੋ ਰਹੇ ਹਨ ਅਤੇ ਉਹ 58 ਸਾਲ ਦੀ ਉਮਰ ਪਾਰ ਕਰ ਗਏ ਹਨ ਜਦਕਿ ਉਸ ਸਮੇਂ ਯੇਲਤਸਿਨ ਦੀ ਉਮਰ 64 ਸਾਲ ਸੀ।

ਆਪਣੀਆਂ ਸਿਹਤ ਸਮੱਸਿਆਵਾਂ ਦੇ ਬਾਵਜੂਦ ਯੇਲਤਸਿਨ ਦਸੰਬਰ, 1999 ਤਕ ਸੱਤਾ ਵਿਚ ਬਣੇ ਰਹੇ। 2007 ਵਿਚ 76 ਸਾਲ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। 1997 ਵਿਚ ਅਹੁਦਾ ਛੱਡਣ ਵਾਲੇ ਜੋਹਨ ਮੇਜਰ ਬਰਤਾਨੀਆ ਵੱਲੋਂ ਮਾਸਕੋ ਵਿਚ ਉਨ੍ਹਾਂ ਦੇ ਅੰਤਿਮ ਸਸਕਾਰ ਵਿਚ ਸ਼ਾਮਲ ਹੋਏ ਸਨ।