Britain Political Crisis:: ਬੋਰਿਸ ਜਾਨਸਨ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਦੇਸ਼ ਨੂੰ ਆਪਣੇ ਸੰਬੋਧਨ 'ਚ ਇਹ ਐਲਾਨ ਕੀਤਾ। ਜਾਨਸਨ ਨੇ ਕਿਹਾ ਕਿ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਹੁਣ ਨਵੇਂ ਨੇਤਾ ਤੇ ਪ੍ਰਧਾਨ ਮੰਤਰੀ ਦੀ ਚੋਣ ਕਰੇਗੀ। ਉਦੋਂ ਤੱਕ ਉਹ ਅਹੁਦੇ 'ਤੇ ਬਣੇ ਰਹਿਣਗੇ। ਬ੍ਰਿਟੇਨ 'ਚ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਦੀ ਬਗਾਵਤ ਕਾਰਨ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ। ਪਿਛਲੇ 48 ਘੰਟਿਆਂ ਵਿੱਚ ਬੋਰਿਸ ਜਾਨਸਨ ਕੈਬਨਿਟ ਦੇ ਕਰੀਬ 40 ਮੰਤਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਵਾਲਿਆਂ ਵਿਚ ਕੁਝ ਸੰਸਦੀ ਸਕੱਤਰ ਵੀ ਸ਼ਾਮਲ ਹਨ।

ਸਿਹਤ ਮੰਤਰੀ ਸਾਜਿਦ ਜਾਵਿਦ ਅਤੇ ਭਾਰਤੀ ਮੂਲ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਦੇ ਅਸਤੀਫ਼ਿਆਂ ਤੋਂ ਬਾਅਦ ਅਸਤੀਫ਼ਿਆਂ ਦਾ ਸਿਲਸਿਲਾ ਜਾਰੀ ਰਿਹਾ ਅਤੇ ਮੰਤਰੀਆਂ ਨੇ ਇੱਕ ਤੋਂ ਬਾਅਦ ਇੱਕ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ। ਵਿੱਤੀ ਸੇਵਾਵਾਂ ਦੇ ਸਕੱਤਰ ਜੌਹਨ ਗਲੇਨ, ਸੁਰੱਖਿਆ ਸਕੱਤਰ ਰਾਚੇਲ ਮੈਕਲੀਨ, ਨਿਰਯਾਤ ਅਤੇ ਸਮਾਨਤਾ ਮੰਤਰੀ ਮਾਈਕ ਫ੍ਰੀਰ, ਹਾਊਸਿੰਗ ਅਤੇ ਕਮਿਊਨਿਟੀਜ਼ ਦੇ ਜੂਨੀਅਰ ਮੰਤਰੀ ਨੀਲ ਓਬ੍ਰਾਇਨ ਅਤੇ ਸਿੱਖਿਆ ਵਿਭਾਗ ਦੇ ਜੂਨੀਅਰ ਸਕੱਤਰ ਐਲੇਕਸ ਬਰਗਰਟ ਸਮੇਤ ਕਈਆਂ ਨੇ ਹੁਣ ਤੱਕ ਅਸਤੀਫਾ ਦੇ ਦਿੱਤਾ ਹੈ।

Posted By: Jaswinder Duhra