ਲੰਡਨ (ਏਐੱਨਆਈ) : ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੀਰਵਾਰ ਨੂੰ ਇਥੇ ਜਲਵਾਯੂ ਪਰਿਵਰਤਨ ਦੇ ਮੁੱਦੇ 'ਤੇ ਟੀਵੀ 'ਤੇ ਹੋ ਰਹੀ ਚੋਣ ਬਹਿਸ ਤੋਂ ਖ਼ੁਦ ਨੂੰ ਅਲੱਗ ਕਰ ਲਿਆ। ਇਸ 'ਤੇ ਟੀਵੀ ਚੈਨਲ ਨੇ ਉਨ੍ਹਾਂ ਦੀ ਥਾਂ 'ਤੇ ਕੰਜ਼ਰਵੇਟਿਵ ਪਾਰਟੀ ਦੇ ਲੋਕਾਂ ਵਾਲੀ ਬਰਫ਼ ਦੀ ਕਲਾਕ੍ਰਿਤ ਰੱਖ ਕੇ ਬਹਿਸ ਪੂਰੀ ਕੀਤੀ।

ਜੌਨਸਨ ਦੇ ਇਲਾਵਾ ਬ੍ਰੈਗਜ਼ਿਟ ਪਾਰਟੀ ਦੇ ਆਗੂ ਨਿਗੇਲ ਫਰਾਜ ਨੇ ਵੀ ਇਸ ਵਿਚ ਹਿੱਸਾ ਨਹੀਂ ਲਿਆ। ਉਨ੍ਹਾਂ ਦੀ ਥਾਂ 'ਤੇ ਵੀ ਪਾਰਟੀ ਦੇ ਪ੍ਰਤੀਕ ਦੇ ਨਾਲ ਬਰਫ਼ ਦੀ ਕਲਾਕ੍ਰਿਤ ਰੱਖੀ ਗਈ। ਯੂਰਪੀ ਸੰਸਦ ਵਿਚ ਜਲਵਾਯੂ ਪਰਿਵਰਤਨ ਐਮਰਜੈਂਸੀ ਐਲਾਨੇ ਜਾਣ ਦੇ ਮੁੱਦੇ 'ਤੇ ਹੋਈ ਵੋਟਿੰਗ ਦੇ ਕੁਝ ਘੰਟਿਆਂ ਪਿੱਛੋਂ ਹੀ ਇਹ ਬਹਿਸ ਕਰਵਾਈ ਗਈ ਸੀ। ਬਰਤਾਨੀਆ ਵਿਚ 12 ਦਸੰਬਰ ਨੂੰ ਆਮ ਚੋਣ ਹੋਣੀ ਹੈ।

ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਨੇ ਬਰਤਾਨੀਆ ਦੇ ਪ੍ਰਸਾਰਣ ਰੈਗੂਲੇਟਰੀ ਆਫਕਾਮ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਪਾਰਟੀ ਨੇ ਪ੍ਰਧਾਨ ਮੰਤਰੀ ਜੌਨਸਨ ਦੀ ਥਾਂ 'ਤੇ ਇਕ ਹੋਰ ਆਗੂ ਮਾਈਕਲ ਗੋਵ ਨੂੰ ਚਰਚਾ ਵਿਚ ਸ਼ਾਮਲ ਕਰਨ ਦਾ ਪ੍ਰਸਤਾਵ ਦਿੱਤਾ ਸੀ ਪ੍ਰੰਤੂ ਚੈਨਲ 4 ਨੇ ਇਹ ਪ੍ਰਸਤਾਵ ਖ਼ਾਰਜ ਕਰ ਦਿੱਤਾ। ਪਾਰਟੀ ਨੇ ਦੋਸ਼ ਲਗਾਇਆ ਹੈ ਕਿ ਚੈਨਲ ਦਾ ਫ਼ੈਸਲਾ ਦੱਸਦਾ ਹੈ ਕਿ ਉਹ ਕੰਜ਼ਰਵੇਟਿਵ ਪਾਰਟੀ ਨੂੰ ਟੀਵੀ ਬਹਿਸ ਵਿਚ ਪ੍ਰਤੀਨਿਧਤਵ ਨਹੀਂ ਦੇਣਾ ਚਾਹੁੰਦਾ। ਇਸ ਬਹਿਸ ਵਿਚ ਵਿਰੋਧੀ ਲੇਬਰ ਪਾਰਟੀ ਦੇ ਆਗੂ ਜੈਰੇਮੀ ਕਾਰਬਿਨ, ਲਿਬਰਲ ਡੈਮੋਕ੍ਰੇਟ ਜੋ ਸਵਿਨਸਨ ਅਤੇ ਹੋਰ ਪਾਰਟੀਆਂ ਦੇ ਮੁਖੀਆਂ ਨੇ ਹਿੱਸਾ ਲਿਆ। ਇਸ ਵਿਚ ਉਨ੍ਹਾਂ ਨੇ ਜਲਵਾਯੂ ਪਰਿਵਰਤਨ ਨਾਲ ਨਿਪਟਣ ਲਈ ਆਪਣੀ ਪਾਰਟੀ ਦੀਆਂ ਯੋਜਨਾਵਾਂ ਨੂੰ ਜਨਤਾ ਦੇ ਸਾਹਮਣੇ ਰੱਖਿਆ।

ਆਗੂਆਂ ਦੀ ਥਾਂ 'ਤੇ ਬਰਫ਼ ਦੀ ਕਲਾਕ੍ਰਿਤ ਰੱਖਣ ਦੇ ਬਾਰੇ ਵਿਚ ਚੈਨਲ 4 ਨੇ ਕਿਹਾ ਕਿ ਇਹ ਧਰਤੀ ਦੀ ਹੰਗਾਮੀ ਹਾਲਤ ਦਾ ਪ੍ਰਤੀਨਿਧਤਵ ਕਰਦੀ ਹੈ। ਜੌਨਸਨ ਤੋਂ ਪਹਿਲੀ ਪੀਐੱਮ ਥੈਰੇਸਾ ਮੇ ਨੇ ਵੀ 2017 ਦੀ ਚੋਣ ਤੋਂ ਪਹਿਲੇ ਟੀਵੀ ਦੀ ਕਿਸੇ ਬਹਿਸ ਵਿਚ ਹਿੱਸਾ ਨਹੀਂ ਲਿਆ ਸੀ।