ਜੇਐੱਨਐੱਨ, ਲੰਡਨ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਦੀ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਇਨਸੈਂਟਿਵ ਕੇਅਰ ਯੂਨਿਟ 'ਚ ਸ਼ਿਫਟ ਕੀਤਾ ਗਿਆ ਹੈ। ਜੌਨਸਨ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ। ਪੀਐੱਮਓ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੀਐੱਮ ਨੂੰ ਹਰ ਬਿਹਤਰ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਆਈਸੀਯੂ 'ਚ ਸ਼ਿਫਟ ਕਰਨ ਦੀ ਜਾਣਕਾਰੀ ਮਹਾਰਾਣੀ ਨੂੰ ਵੀ ਦੇ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਨੂੰ ਐਤਵਾਰ ਸ਼ਾਮ ਨੂੰ ਸੇਂਟ ਥਾਮਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਬੀਬੀਸੀ ਮੁਤਾਬਿਕ ਜੌਨਸਨ ਨੂੰ ਸਾਹ ਲੈਣ 'ਚ ਤਕਲੀਫ਼ ਤੋਂ ਬਾਅਦ ਇਹ ਕਦਮ ਉਠਾਇਆ ਗਿਆ ਹੈ। ਆਈਸੀਯੂ 'ਚ ਸ਼ਿਫਟ ਕਰਨ ਤੋਂ ਪਹਿਲਾਂ ਸੋਮਵਾਰ ਦੁਪਹਿਰੇ ਉਨ੍ਹਾਂ ਨੂੰ ਆਕਸੀਜਨ ਲਗਾਈ ਗਈ ਸੀ। ਹਾਲਾਂਕਿ ਇਕ ਸੁਖਦ ਖ਼ਬਰ ਇਹ ਹੈ ਕਿ ਉਨ੍ਹਾਂ ਨੂੰ ਵੈਂਟੀਲੇਟਰ ਨਹੀਂ ਲਗਾਇਆ ਗਿਆ ਹੈ।

ਕਾਬਿਲੇਗ਼ੌਰ ਹੈ ਕਿ ਜੌਨਸਨ 27 ਮਾਰਚ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ ਨਾਲ ਸੰਕ੍ਰਮਿਤ ਪਾਏ ਗਏ ਸਨ। ਜੌਨਸਨ ਨੇ ਖ਼ੁਦ ਟਵੀਟ ਕਰਦਿਆਂ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ। ਇਸ ਵਿਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਪੌਜ਼ਿਟਿਵ ਆਇਆ ਹੈ ਤੇ ਉਹ ਖ਼ੁਦ ਨੂੰ ਦੂਸਰਿਆਂ ਨਾਲੋਂ ਅਲੱਗ ਕਰ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਇਸ ਦੌਰਾਨ ਵੀਡੀਓ ਕਾਨਫਰੰਸਿੰਗ ਜ਼ਰੀਏ ਦੇਸ਼ ਦੀ ਅਗਵਾਈ ਕਰਦੇ ਰਹਿਣਗੇ।

ਕਾਬਿਲੇਗ਼ੌਰ ਹੈ ਕਿ ਬ੍ਰਿਟੇਨ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਪੂਰੀ ਦੁਨੀਆ 'ਚ ਜਿੱਥੇ ਹੁਣ ਤਕ ਇਸ ਦੇ 13,46,566 ਮਾਮਲੇ ਸਾਹਮਣੇ ਆ ਚੁੱਕੇ ਹਨ ਉੱਥੇ ਹੀ ਇਕੱਲੇ ਬ੍ਰਿਟੇਨ 'ਚ ਇਸ ਦੇ ਹੁਣ ਤਕ 51,608 ਮਾਮਲੇ ਸਾਹਮਣੇ ਆਏ ਹਨ। ਬ੍ਰਿਟੇਨ 'ਚ ਹੁਣ ਤਕ ਇਸ ਦੀ ਵਜ੍ਹਾ ਨਾਲ 5373 ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ।

Posted By: Seema Anand