ਲੰਡਨ (ਆਈਏਐੱਨਐੱਸ) : ਬਰਤਾਨੀਆ 'ਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ 'ਤੇ ਦੋ ਔਰਤਾਂ ਨਾਲ ਅਸ਼ਲੀਲ ਜਿਨਸੀ ਚਰਿੱਤਰ ਦਾ ਦੋਸ਼ ਲੱਗਾ ਹੈ। ਸੰਡੇ ਟਾਈਮਜ਼ ਦੀ ਸਹਾਇਕ ਸੰਪਾਦਕ ਚੈਰਲਟ ਐਡਵਰਡਸ ਨੇ ਆਪਣੇ ਕਾਲਮ 'ਚ ਸੰਨ 1999 ਦੀ ਇਸ ਘਟਨਾ ਦਾ ਜ਼ਿਕਰ ਕੀਤਾ ਹੈ। ਦੱਸਿਆ ਹੈ ਕਿ ਦੁਪਹਿਰ ਦੇ ਖਾਣੇ ਦੌਰਾਨ ਉਹ ਜੌਨਸਨ ਦੇ ਨਾਲ ਬੈਠੀਆਂ ਸਨ, ਉਦੋਂ ਹੀ ਨਸ਼ੇ 'ਚ ਧੁੱਤ ਜੌਨਸਨ ਨੇ ਟੇਬਲ ਦੇ ਹੇਠਾਂ ਉਨ੍ਹਾਂ ਦੇ ਸਰੀਰ ਨਾਲ ਛੇੜਛਾੜ ਕੀਤੀ। ਆਪਣੇ ਖੱਬੇ ਪਾਸੇ ਬੈਠੀ ਔਰਤ ਨਾਲ ਵੀ ਜੌਨਸਨ ਨੇ ਇਹੀ ਹਰਕਤ ਕੀਤੀ। ਮੌਕੇ ਦੀ ਨਜ਼ਾਕਤ ਨੂੰ ਵੇਖਦਿਆਂ ਉਹ ਉਸ ਸਮੇਂ ਚੁੱਪ ਰਹੀਆਂ ਪਰ ਹੁਣ ਘਟਨਾ ਨੂੰ ਜਨਤਕ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਦਫ਼ਤਰ ਨੇ ਘਟਨਾ ਦੇ ਦਾਅਵੇ ਨੂੰ ਝੂਠ ਦੱਸਿਆ ਹੈ। ਕਿਹਾ ਹੈ ਕਿ ਬੋਰਿਸ ਜੌਨਸਨ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ। ਪਰ ਐਡਵਰਡਸ ਆਪਣੇ ਦਾਅਵੇ 'ਤੇ ਅਟਲ ਹਨ।

ਐਡਵਰਡਸ ਮੁਤਾਬਕ ਘਟਨਾ ਵੇਲੇ ਜੌਨਸਨ ਸਪੈਕਟੇਟਰ ਪੱਤਰਕਾ ਦੇ ਸੰਪਾਦਕ ਸਨ। ਘਟਨਾ ਦੌਰਾਨ ਉਨ੍ਹਾਂ ਨੇ ਸੁਭਾਵਿਕ ਪ੍ਰਤੀਕਿਰਿਆ ਦੇ ਤੌਰ 'ਤੇ ਜੌਨਸਨ ਦੀ ਹਰਕਤ ਦਾ ਵਿਰੋਧ ਕੀਤਾ ਪਰ ਚੁੱਪ ਰਹੀਆਂ। ਮਾਮਲੇ 'ਤੇ ਬਰਤਾਨੀਆ ਦੇ ਵਿੱਤ ਮੰਤਰੀ ਸਾਜਿਦ ਜਾਵੀਦ ਨੇ ਘਟਨਾ ਦੀ ਜਾਂਚ ਦੇ ਸਵਾਲ 'ਤੇ ਕਿਹਾ ਕਿ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਾਲ ਇਸ ਬਾਰੇ ਗੱਲ ਹੋਈ ਹੈ। ਉਨ੍ਹਾਂ ਨੂੰ ਅਜਿਹੀ ਕਿਸੇ ਘਟਨਾ ਬਾਰੇ ਯਾਦ ਨਹੀਂ ਹੈ। ਜੌਨਸਨ ਨੇ ਇਸ ਘਟਨਾਚੱਕਰ ਨੂੰ ਝੂਠ ਦੱਸਦਿਆਂ ਖਾਰਜ ਕੀਤਾ ਹੈ। ਜਾਵੀਦ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਕਹਿਣੀ 'ਤੇ ਯਕੀਨ ਹੈ। ਜਦਕਿ ਸਿਹਤ ਮੰਤਰੀ ਮੈਟ ਹੈਂਕਾਕ ਨੇ ਕਿਹਾ ਕਿ ਉਹ ਐਡਵਰਡਸ ਨੂੰ ਜਾਣਦੇ ਹਨ ਤੇ ਉਹ ਭਰੋਸੇਮੰਦ ਪੱਤਰਕਾਰ ਹਨ। ਹੈਂਕਾਕ ਨੇ ਘਟਨਾ ਬਾਰੇ 'ਚ ਕੋਈ ਟਿੱਪਣੀ ਨਹੀਂ ਕੀਤੀ ਹੈ।