ਬ੍ਰਿਟੇਨ : ਜੇਕਰ ਤੁਸੀਂ ਹਰ ਤਰ੍ਹਾਂ ਦੇ ਖਾਣੇ ਨੂੰ ਪਕਾਉਣ ਲਈ ਮਾਈਕ੍ਰੋਵੇਵ ਦਾ ਇਸਤੇਮਾਲ ਕਰਦੇ ਹੋ ਤਾਂ ਸਾਵਧਾਨ ਹੋ ਜਾਵੋ। ਮਾਈਕ੍ਰੋਵੇਵ ਵਿਚ ਆਂਡੇ ਉਬਾਲਣ ਤੋਂ ਬਾਅਦ ਇਕ ਔਰਤ ਦੀ ਅੱਖ ਦੀ ਰੋਸ਼ਨੀ ਚਲੀ ਗਈ ਹੈ। ਅਸਲ ਵਿਚ ਆਂਡੇ ਉਬਾਲਣ ਤੋਂ ਬਾਅਦ ਜਦੋਂ ਔਰਤ ਨੇ ਉਨ੍ਹਾਂ ਨੂੰ ਚੁੱਕਿਆ ਤਾਂ ਉਹ ਧਮਾਕੇ ਨਾਲ ਫੱਟ ਗਏ ਅਤੇ ਔਰਤ ਦੇ ਚਿਹਰੇ 'ਤੇ ਚਿੰਬੜ ਗਏ।

ਇਹ ਘਟਨਾ ਇੰਗਲੈਂਡ ਦੇ ਨਿਊਕੈਸਲ ਸ਼ਹਿਰ ਦੀ ਹੈ। ਸ਼ੁੱਕਰਵਾਰ ਨੂੰ 19 ਸਾਲ ਦੀ ਕਰਟਨੀ ਵੁੱਡ ਨੇ ਮਾਈਕ੍ਰੋਵੇਵ ਵਿਚ ਆਂਡੇ ਉਬਾਲੇ ਅਤੇ ਜਿਉਂ ਹੀ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ ਉਹ ਫੱਟ ਕੇ ਉਨ੍ਹਾਂ ਦੇ ਚਿਹਰੇ ਅਤੇ ਅੱਖਾਂ ਨਾਲ ਚਿੰਬੜ ਗਏ। ਕੇਅਰ ਅਸਿਸਟੈਂਟ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਕਰਟਨੀ ਚੀਕਾ ਮਾਰਨ ਲੱਗੀ ਅਤੇ ਉਹ ਦੌੜਦੀ ਹੋਈ ਬਾਥਰੂਮ ਵਿਚ ਗਈ ਜਿੱਥੇ ਉਸ ਨੇ ਠੰਢੇ ਪਾਣੀ ਨਾਲ ਮੂੰਹ ਧੋਤਾ।


ਕਰਟਨੀ ਨੇ ਦੱਸਿਆ ਕਿ ਉਹ ਆਪਣੇ ਲਈ ਨਾਸ਼ਤਾ ਬਣਾ ਰਹੀ ਸੀ। ਉਨ੍ਹਾਂ ਇਕ ਜੱਗ ਵਿਚ ਥੋੜ੍ਹਾ ਪਾਣੀ ਪਾ ਕੇ ਉਸ ਵਿਚ ਆਂਡੇ ਉਬਾਲਣ ਲਈ ਮਾਈਕ੍ਰੋਵੇਵ ਰੱਖ ਦਿੱਤੇ ਸਨ। ਉਹ ਅਜਿਹਾ ਪਹਿਲਾਂ ਵੀ ਕਰਦੀ ਰਹੀ ਸੀ। ਉਨ੍ਹਾਂ ਦੱਸਿਆ ਕਿ ਮਾਈਕ੍ਰੋਵੇਵ ਤੋਂ ਉਨ੍ਹਾਂ ਨੇ ਜੱਗ ਕੱਢਿਆ, ਉਦੋਂ ਇਕ ਆਂਡਾ ਫੱਟ ਕੇ ਉਨ੍ਹਾਂ ਦੇ ਚਿਹਰੇ 'ਤੇ ਚਿੰਬੜ ਗਿਆ। ਇਸ ਤੋਂ ਬਾਅਦ ਕਰਟਨੀ ਨੇ ਆਪਣੇ ਇਕ ਦੋਸਤ ਨੂੰ ਫੋਨ ਕੀਤਾ।


ਦੋਸਤ ਦੇ ਆਉਣ ਤੋਂ ਬਾਅਦ ਉਹ ਕੁਝ ਵੀ ਨਹੀਂ ਸੀ ਦੇਖ ਪਾ ਰਹੀ। ਇਸ ਦੌਰਾਨ ਉਹ ਦਰਦ ਨਾਲ ਤੜਫ ਰਹੀ ਸੀ। ਦੋਸਤ ਨੇ 111 'ਤੇ ਫੋਨ ਕੀਤਾ ਅਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਰੋਇਲ ਸਟ੍ਰੋਕ ਯੂਨੀਵਰਸਿਟੀ ਹਸਪਤਾਲ ਦੇ ਡਾਕਟਰਾਂ ਨੇ ਦਰਦ ਘੱਟ ਕਰਨ ਦੀ ਦਵਾਈ ਦਿੱਤੀ ਅਤੇ ਇਲਾਜ ਕੀਤਾ। ਉਨ੍ਹਾਂ ਦੱਸਿਆ ਕਿ ਚਿਹਰੇ 'ਤੇ ਜੋ ਸੜਨ ਦੇ ਨਿਸ਼ਾਨ ਹਨ, ਉਹ ਕੁਝ ਦਿਨਾਂ ਵਿਚ ਚਲੇ ਜਾਣਗੇ। ਪਰ ਅੱਖਾਂ ਦੀਆਂ ਦੋਵਾਂ ਪੁਤਲੀਆਂ ਨੂੰ ਨੁਕਸਾਨ ਪੁੱਜਾ ਹੈ ਖਾਸ ਕਰ ਕੇ ਖੱਬੀ ਅੱਖ ਨੂੰ। ਕਰਟਨੀ ਨੇ ਦੱਸਿਆ ਕਿ ਕਰੀਬ 48 ਘੰਟਿਆਂ ਬਾਅਦ ਉਸ ਦੀ ਸੱਜੀ ਅੱਖ ਦੀ ਰੋਸ਼ਨੀ ਤਾਂ ਪਰਤ ਆਈ ਪਰ ਖੱਬੀ ਅੱਖ ਤੋਂ ਹਾਲੇ ਵੀ ਪੂਰੀ ਤਰ੍ਹਾਂ ਨਹੀਂ ਦੇਖ ਪਾਉਂਦੀ।

Posted By: Seema Anand